ਪੰਜਾਬ ਪੁਲਸ ‘ਚ ਭਰਤੀ ਕੀਤੇ ਜਾਣਗੇ 10 ਹਜ਼ਾਰ ਜਵਾਨ

0
29

ਚੰਡੀਗੜ੍ਹ : ਪੰਜਾਬ ਪੁਲਸ ਵਿਚ 10,000 ਜਵਾਨ ਭਰਤੀ ਕੀਤੇ ਜਾਣੇ ਹਨ | ਸਰਕਾਰ ਨੇ ਪ੍ਰਸਤਾਵ ਮਨਜ਼ੂਰ ਕਰ ਲਿਆ ਹੈ | ਇਹ ਜਾਣਕਾਰੀ ਡੀ ਜੀ ਪੀ ਪੰਜਾਬ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ | ਪੰਜਾਬ ਵਿਚ ਵਧਦੀਆਂ ਸੁਰੱਖਿਆ ਚੁਣੌਤੀਆਂ ਨੂੰ ਧਿਆਨ ਵਿਚ ਰੱਖ ਕੇ 10 ਹਜ਼ਾਰ ਜਵਾਨਾਂ ਦੀ ਭਰਤੀ ਕੀਤੀ ਜਾਵੇਗੀ | ਸਰਹੱਦੀ ਰਾਜ ਹੋਣ ਕਾਰਨ ਸੂਬੇ ‘ਚ ਨਿਗਰਾਨੀ ਪ੍ਰਣਾਲੀ ਹੋਰ ਮਜ਼ਬੂਤ ਕੀਤੀ ਜਾਵੇਗੀ | ਡੀ ਜੀ ਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿਚ 1600 ਅਹੁਦਿਆਂ ਲਈ ਨਿਯੁਕਤੀ ਪ੍ਰਕਿਰਿਆ ਪੂਰੀ ਕੀਤੀ ਹੈ ਤੇ ਉਨ੍ਹਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ |
ਦਿੱਲੀ ‘ਚ ਲੰਗੂਰਾਂ ਦੀ ਆਵਾਜ਼ ਕੱਢਣ ਵਾਲੇ ਲੋਕਾਂ ਦੀ ਲੋੜ
ਨਵੀਂ ਦਿੱਲੀ : ਦਿੱਲੀ ਸਰਕਾਰ ਵਿਧਾਨ ਸਭਾ ਕੰਪਲੈਕਸ ਵਿੱਚ ਬਾਂਦਰਾਂ ਦੇ ਦਾਖਲ ਹੋਣ ਦੀ ਲਗਾਤਾਰ ਸਮੱਸਿਆ ਨਾਲ ਨਜਿੱਠਣ ਲਈ ਅਜਿਹੇ ਲੋਕਾਂ ਨੂੰ ਰੱਖਣ ਦੀ ਯੋਜਨਾ ਬਣਾ ਰਹੀ ਹੈ ਜੋ ਲੰਗੂਰਾਂ ਦੀਆਂ ਆਵਾਜ਼ਾਂ ਕੱਢ ਸਕਦੇ ਹਨ | ਅਧਿਕਾਰੀਆਂ ਮੁਤਾਬਕ ਵਿਧਾਨ ਸਭਾ ਦੇ ਆਲੇ-ਦੁਆਲੇ ਦਰਜਨਾਂ ਬਾਂਦਰ ਹਨ, ਜੋ ਤਾਰਾਂ ਅਤੇ ਡਿਸ਼ ਐਂਟੀਨਾ ‘ਤੇ ਛਾਲਾਂ ਮਾਰ ਕੇ ਉਨ੍ਹਾਂ ਨੂੰ ਤੋੜ ਕੇ ਪਰੇਸ਼ਾਨੀ ਪੈਦਾ ਕਰਦੇ ਹਨ | ਇਹ ਕਦਮ ਵਿਧਾਨ ਸਭਾ ਕੰਪਲੈਕਸ ਵਿੱਚ ਬਾਂਦਰਾਂ ਦੇ ਵਾਰ-ਵਾਰ ਆਉਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜੋ ਵਿਧਾਇਕਾਂ, ਸਟਾਫ ਅਤੇ ਸੈਲਾਨੀਆਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਹਨ | ਲੋਕ ਨਿਰਮਾਣ ਵਿਭਾਗ ਨੇ ਲੰਗੂਰਾਂ ਦੀਆਂ ਆਵਾਜ਼ਾਂ ਕੱਢਣ ਦੇ ਸਮਰੱਥ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਤਾਇਨਾਤੀ ਲਈ ਟੈਂਡਰ ਕੱਢਿਆ ਹੈ | ਇਹ ਇੱਕ ਅਜਿਹਾ ਤਰੀਕਾ ਜੋ ਬਾਂਦਰਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਭਜਾਉਣ ਲਈ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ | ਇਹ ਮਾਹਿਰ ਬਾਂਦਰਾਂ ਨੂੰ ਭਜਾਉਣ ਲਈ ਇੱਕ ਲੰਗੂਰ ਵੀ ਨਾਲ ਲਿਆਉਣਗੇ | ਅਧਿਕਾਰੀ ਨੇ ਕਿਹਾ ਕਿ ਪਹਿਲਾਂ ਵੀ ਲੰਗੂਰਾਂ ਵਰਗੀ ਆਵਾਜ਼ ਕੱਢਣ ਵਾਲੇ ਲੋਕ ਰੱਖੇ ਗਏ ਸਨ, ਪਰ ਉਨ੍ਹਾਂ ਦਾ ਇਕਰਾਰਨਾਮਾ ਖਤਮ ਹੋ ਗਿਆ ਸੀ, ਇਸ ਲਈ ਹੁਣ ਨਵੇਂ ਸਿਖਲਾਈ ਪ੍ਰਾਪਤ ਲੋਕਾਂ ਨੂੰ ਰੱਖਣ ਲਈ ਤਾਜ਼ਾ ਟੈਂਡਰ ਜਾਰੀ ਕੀਤਾ ਗਿਆ ਹੈ |