ਨਫਰਤ ਦੇ ਵਣਜਾਰੇ

0
24

ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ਉੱਤੇ ਹਾਲ ਹੀ ਵਿੱਚ ਅਪਲੋਡ ਕੀਤੇ ਗਏ ਚਾਰ ਵੀਡੀਓਜ਼ ਨੇ ਦੇਸ਼ ਵਿੱਚ ਫਿਰਕੂ ਤਣਾਅ ਹੋਰ ਵਧਾਉਣ ਦਾ ਕੰਮ ਕੀਤਾ ਹੈ | ਇਨ੍ਹਾਂ ਵੀਡੀਓਜ਼ ਵਿੱਚ ਮੁਸਲਮਾਨਾਂ ਖਿਲਾਫ ਹਿੰਸਾ ਦਾ ਖੁੱਲ੍ਹੇਆਮ ਸੱਦਾ ਦਿੱਤਾ ਗਿਆ ਹੈ | ਨਫਰਤ ਪੈਦਾ ਕਰਨ ਲਈ ਬਦਨਾਮ ਮਹਾਂਮੰਡਲੇਸ਼ਵਰ ਯਤੀ ਨਰਸਿੰਹਾਨੰਦ ਗਿਰੀ ਨੇ ਕਿਹਾ ਹੈ ਕਿ ਤਲਵਾਰਾਂ ਵੰਡਣ ਨਾਲ ਕੁਝ ਨਹੀਂ ਹੋਣ ਵਾਲਾ, ਹੁਣ ਹਿੰਦੂਆਂ ਨੂੰ ਆਤਮਘਾਤੀ ਦਸਤੇ ਬਣਾਉਣੇ ਚਾਹੀਦੇ ਹਨ | ਹਿੰਦੂਆਂ ਨੂੰ ਬਜਰੰਗ ਦਲ-ਫਜਰੰਗ ਦਲ ਵਰਗੇ ਸੰਗਠਨ ਛੱਡ ਕੇ ਆਈ ਐੱਸ ਆਈ ਐੱਸ ਵਰਗਾ ਸੰਗਠਨ ਬਣਾਉਣਾ ਚਾਹੀਦਾ ਹੈ | ਇਸ ਬੰਦੇ ਖਿਲਾਫ ਦਿੱਲੀ ਪੁਲਸ ਨੇ ਪਹਿਲਾਂ ਵੀ ਨਫਰਤੀ ਤਕਰੀਰ ਦੇ ਮਾਮਲੇ ਦਰਜ ਕੀਤੇ ਸਨ, ਪਰ ਅਜੇ ਤੱਕ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ | ਇਸ ਨਾਲ ਉਸ ਦਾ ਹੌਸਲਾ ਹੋਰ ਵਧ ਗਿਆ ਹੈ | ਰਿਸ਼ਭ ਓਝਾ ਨਾਂਅ ਦੇ ਬੰਦੇ ਨੇ ਆਪਣੇ ਵੀਡੀਓ ਵਿੱਚ ਕਿਹਾ ਹੈ ਕਿ ਇੱਕ ਮੁਸਲਮਾਨ ਨਾਲ ਦੋਸਤੀ ਕਰੋ, ਉਸ ਨੂੰ ਅਗਵਾ ਕਰੋ ਅਤੇ ਫਿਰ ਉਸ ‘ਤੇ ਤੇਜ਼ਾਬ ਪਾਓ | ਉਸ ਨੂੰ ਤੜਫਦੇ ਦੇਖਣਾ ਬਹੁਤ ਮਜ਼ੇਦਾਰ ਹੋਵੇਗਾ | ਇੱਕ ਵੀਡੀਓ ਵਿੱਚ ਗਾਜ਼ੀਆਬਾਦ ਵਿੱਚ ਹਿੰਦੂ ਰਕਸ਼ਾ ਦਲ ਦੇ ਕਾਰਕੁਨ ਜਨਤਕ ਥਾਂ ‘ਤੇ ਤਲਵਾਰਾਂ ਤੇ ਹਥਿਆਰ ਵੰਡ ਰਹੇ ਹਨ | ਫਰੀਦਾਬਾਦ-ਪਲਵਲ ਖੇਤਰ ਦੇ ਗਾਇਕ ਸੁਰਿੰਦਰ ਰਾਵਤ ਨੇ ਯੂਟਿਊਬ ‘ਤੇ ਅਪਲੋਡ ਕੀਤੇ ਗਾਣੇ ਵਿੱਚ ਗਊ ਰੱਖਿਆ ਦੇ ਨਾਂਅ ‘ਤੇ ਭੀੜ ਹਿੰਸਾ ਤੇ ਹੱਤਿਆ ਲਈ ਉਕਸਾਇਆ ਹੈ | ਵੀਡੀਓ ਵਿੱਚ ਭਗਵਾਂ ਝੰਡਿਆਂ ਵਾਲੀ ਭੀੜ, ਗਊਆਂ ਤੇ ਹਿੰਸਕ ਦਿ੍ਸ਼ ਦਿਖਾਏ ਗਏ ਹਨ |
ਇਹ ਵੀਡੀਓ ਉਦੋਂ ਸਾਹਮਣੇ ਆਏ ਹਨ, ਜਦੋਂ ਮੁਸਲਮਾਨਾਂ ਤੇ ਈਸਾਈਆਂ ਖਿਲਾਫ ਹਿੰਸਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ | 2025 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਭੀੜਾਂ ਨੇ ਪੰਜ ਮੁਸਲਮਾਨਾਂ ਨੂੰ ਮਾਰ ਦਿੱਤਾ ਸੀ ਤੇ ਕਈ ਜ਼ਖਮੀ ਕਰ ਦਿੱਤੇ ਸਨ | ਜਨਵਰੀ ਤੋਂ ਜੁਲਾਈ ਤੱਕ ਈਸਾਈਆਂ ਖਿਲਾਫ 334 ਮਾਮਲੇ ਦਰਜ ਕੀਤੇ ਗਏ | ਕ੍ਰਿਸਮਸ ਦੌਰਾਨ ਈਸਾਈਆਂ ‘ਤੇ ਹਮਲੇ ਸੰਵਿਧਾਨਕ ਸੁਰੱਖਿਆ ਦੀ ਨਾਕਾਮੀ ਨੂੰ ਦਰਸਾਉਂਦੇ ਹਨ |
ਤਾਜ਼ਾ ਵੀਡੀਓਜ਼ ਨੂੰ ਲੈ ਕੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਕੇ ਪੁਲਸ ਨੂੰ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ, ਪਰ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ | ਜੇ ਦੇਸ਼ ਦਾ ਮੁਖੀਆ ਹੀ ਅਜਿਹੀਆਂ ਘਟਨਾਵਾਂ ਬਾਰੇ ਚੁੱਪ ਰਹਿੰਦਾ ਹੈ ਤਾਂ ਪੁਲਸ ਵੀ ਸਮਝ ਜਾਂਦੀ ਹੈ ਕਿ ਉਸ ਨੂੰ ਕਾਰਵਾਈ ਕਰਨ ਦੀ ਕੀ ਲੋੜ ਪਈ ਹੈ | ਹਾਕਮਾਂ ਦੀ ਚੁੱਪੀ ਤੇ ਪੁਲਸ ਦੀ ਬੇਹਰਕਤੀ ਸਮਾਜ ਵਿੱਚ ਵੰਡ ਨੂੰ ਹੋਰ ਵਧਾ ਰਹੀ ਹੈ |