ਉੱਚੇ ਬੁੱਤ, ਘਟੀਆ ਚਰਿੱਤਰ

0
18

ਲਖਨਊ ਦੇ ਲੋਕਾਂ ਨੇ 25 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਿਆਮਾ ਪ੍ਰਸਾਦ ਮੁਖਰਜੀ, ਦੀਨਦਿਆਲ ਉਪਾਧਿਆਇ ਤੇ ਅਟਲ ਬਿਹਾਰੀ ਵਾਜਪਾਈ ਦੇ ਬੁੱਤਾਂ ਵਾਲੇ ‘ਰਾਸ਼ਟਰ ਪ੍ਰੇਰਣਾ ਸਥੱਲ’ ਦੇ ਉਦਘਾਟਨ ਦੇ ਦਿਨ ਹੀ 7 ਹਜ਼ਾਰ ਗਮਲੇ ਚੁਰਾ ਕੇ ਇਹ ਸਾਬਤ ਕਰ ਦਿੱਤਾ ਕਿ ਰਾਸ਼ਟਰੀ ਚਰਿੱਤਰ ਨਾ ਤਾਂ ਉੱਚੇ-ਉੱਚੇ ਕਾਂਸੀ ਦੇ ਬੁੱਤਾਂ ਨਾਲ ਬਣਦਾ ਹੈ, ਨਾ ਲੰਬੇ-ਚੌੜੇ ਭਾਸ਼ਣਾਂ ਨਾਲ ਤੇ ਨਾ ਹੀ ਸੁੰਦਰਤਾ ਵਧਾਉਣ ਵਾਲੇ ਗਮਲਿਆਂ ਨਾਲ | ਰਾਸ਼ਟਰੀ ਚਰਿੱਤਰ ਕਦਰਾਂ-ਕੀਮਤਾਂ ਨਾਲ ਬਣਦਾ ਹੈ ਅਤੇ ਉਸ ਨੂੰ ਮਜ਼ਬੂਤੀ ਮਿਲਦੀ ਹੈ ਉਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਤੇ ਸਮਾਜੀ ਜੀਵਨ ਵਿੱਚ ਉਤਾਰਨ ਵਾਲੇ ਸਮਾਜੀ ਤੇ ਸਿਆਸੀ ਚਰਿੱਤਰਾਂ ਨਾਲ | ਜਿਨ੍ਹਾਂ ਆਗੂਆਂ ਦੇ ਸਰਕਾਰ ਨੇ ਬੁੱਤ ਲੁਆਏ ਹਨ, ਉਨ੍ਹਾਂ ਦੇ ਯੱੁਗ ਵਿੱਚ ਜਿੰਨੇ ਵਿਰਾਟ ਚਰਿੱਤਰਾਂ ਦੇ ਲੋਕ ਸਨ, ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦਾ ਕੱਦ ਏਨਾ ਵੱਡਾ ਨਹੀਂ ਕਿ ਉਨ੍ਹਾਂ ਦੇ ਏਨੇ ਉੱਚੇ ਬੁੱਤ ਲਾਏ ਜਾਂਦੇ, ਪਰ ਵਿਚਾਰੀ ਭਾਜਪਾ ਕੋਲ ਜਦ ਗੌਰਵਸ਼ਾਲੀ ਸਿਆਸੀ ਵਿਰਾਸਤ ਹੈ ਹੀ ਨਹੀਂ ਤਾਂ ਜਿਹੜੀ ਵੀ ਛੋਟੀ-ਮੋਟੀ ਹੈ, ਉਸੇ ਨਾਲ ਕੰਮ ਚਲਾਉਣਾ ਪਵੇਗਾ ਜਾਂ ਫਿਰ ਦੂਜੀਆਂ ਧਾਰਾਵਾਂ ਦੀ ਵਿਰਾਸਤ ਨੂੰ ਉਸੇ ਤਰ੍ਹਾਂ ਚੁਰਾਉਣਾ ਪਵੇਗਾ, ਜਿਵੇਂ ਰਾਸ਼ਟਰ ਪ੍ਰੇਰਣਾ ਸਥੱਲ ਦੇ ਉਦਘਾਟਨ ਦੇ ਫੌਰੀ ਬਾਅਦ ਲੋਕ ਗਮਲੇ ਚੁਰਾਉਣ ਲੱਗੇ ਸਨ | ਇਸ ਪੂਰੇ ਘਟਨਾਕ੍ਰਮ ਨੇ ਸਾਬਤ ਕਰ ਦਿੱਤਾ ਹੈ ਕਿ ਲਖਨਊ ਸ਼ਹਿਰ ਦੇ ਮੱਧਵਰਗੀ ਲੋਕਾਂ ਨੇ ਸ਼ਿਆਮਾ ਪ੍ਰਸਾਦ ਮੁਖਰਜੀ, ਦੀਨਦਿਆਲ ਉਪਾਧਿਆਇ ਤੇ ਅਟਲ ਬਿਹਾਰੀ ਵਾਜਪਾਈ ਦੇ ਚਰਿੱਤਰ ਨਾਲੋਂ ਵੱਖ ਇਹੀ ਪ੍ਰੇਰਣਾ ਗ੍ਰਹਿਣ ਕੀਤੀ ਹੈ ਕਿ ਸਰਕਾਰੀ ਤੇ ਜਨਤਕ ਸੰਪਤੀ ਨੂੰ ਜਿੰਨਾ ਲੁੱਟ ਸਕੋ, ਓਨਾ ਹੀ ਚੰਗਾ ਹੈ | ਸਕੂਟਰ ਤੇ ਕਾਰ ਨਾਲ ਗਮਲੇ ਚੋਰੀ ਕਰਨ ਵਾਲਾ ਮੱਧ ਵਰਗ ਉਹੀ ਹੈ, ਜਿਸ ਨੂੰ ਯਾਰਾਨਾ ਪੂੰਜੀਵਾਦ ਵੱਲੋਂ ਕੀਤੀ ਜਾ ਰਹੀ ਰਾਸ਼ਟਰੀ ਵਸੀਲਿਆਂ ਦੀ ਲੁੱਟ ਨਹੀਂ ਦਿਖਾਈ ਦਿੰਦੀ ਤੇ ਨਾ ਹੀ ਦਿਸਦੀ ਹੈ ਬਸਤਰ ਦੇ ਹਸਦੇਵ ਵਰਗੇ ਜੰਗਲਾਂ ਦੀ ਕਟਾਈ ਅਤੇ ਅਰਾਵਲੀ ਦਾ ਵਿਨਾਸ਼ | ਉਸ ਦੀ ਨਜ਼ਰ ਵਿੱਚ ਵਸੀਲਿਆਂ ਦੀ ਕੌਮੀ ਲੁੱਟ ਤੇ ਪਰਿਆਵਰਣ ਦਾ ਵਿਨਾਸ਼ ਦੋਨੋਂ ਅਸਲ ਵਿੱਚ ਆਰਥਿਕ ਤਰੱਕੀ ਵਿੱਚ ਦੁਨੀਆ ਨੂੰ ਪਛਾੜ ਦੇਣ ਅਤੇ ਵਿਸ਼ਵ ਗੁਰੂ ਬਣਨ ਦੀ ਯੋਜਨਾ ਦੇ ਹਿੱਸੇ ਹਨ | ਇਹ ਹਿੰਦੂ ਰਾਸ਼ਟਰ ਦੀ ਵਿਆਪਕ ਯੋਜਨਾ ਦਾ ਚਰਿੱਤਰ ਹੈ | ਇਹ ਚਰਿੱਤਰ ਉਸ ਸਮੇਂ ਵੀ ਦਿਸਿਆ ਸੀ ਜਦੋਂ ਅਯੁੱਧਿਆ ‘ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੇ ਬਾਅਦ ਗਮਲੇ ਲੁੱਟੇ ਜਾ ਰਹੇ ਸਨ | ਇਹ ਚਰਿੱਤਰ ਘਾਟਾਂ ਮਾਰੇ ਸਮਾਜ ਦੇ ਚਰਿੱਤਰ ਤੋਂ ਵੱਖਰਾ ਹੈ, ਜਿਹੜਾ ਨਵੇਂ ਘਾਟ ‘ਤੇ ਹੋਣ ਵਾਲੇ ਦੀਪੋਤਸਵ ਪ੍ਰੋਗਰਾਮ ਵਿੱਚ ਬਚੇ ਹੋਏ ਦੀਵੇ ਬਟੋਰਦਾ ਹੈ, ਜਦਕਿ ਗਮਲਿਆਂ ਦੀ ਚੋਰੀ ਖਾਂਦੇ-ਪੀਂਦੇ ਲੋਕਾਂ ਦੀ ਕਬਜ਼ੇ ਕਰਕੇ ਬਣਾਏ ਗਏ ਲਾਅਨ ਤੇ ਪੋਰਟਿਕੋ ਨੂੰ ਸਜਾਉਣ ਦੀ ਉਪਭੋਗਤਾਵਾਦੀ ਦਿ੍ਸ਼ਟੀ ਦਾ ਹਿੱਸਾ ਹੈ | ਇਹ ਉਸੇ ਰਾਸ਼ਟਰੀ ਚਰਿੱਤਰ ਦਾ ਹਿੱਸਾ ਹੈ, ਜਿੱਥੇ ਬਲਾਤਕਾਰ ਤੇ ਹੱਤਿਆ ਦੇ ਦੋਸ਼ ਵਿੱਚ ਸਜ਼ਾਯਾਫਤਾ ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਜਾਂਦੀ ਹੈ ਅਤੇ ਅਖ਼ਲਾਕ ਨੂੰ ਕੁੱਟ-ਕੁੱਟ ਕੇ ਮਾਰਨ ਵਾਲਿਆਂ ਖਿਲਾਫ ਮੁਕੱਦਮਾ ਵਾਪਸ ਲੈਣ ਲਈ ਅਰਜ਼ੀ ਦਿੱਤੀ ਜਾਂਦੀ ਹੈ | ਇਹ ਇਨਸਾਫ ਦਾ ਪਾਖੰਡ ਹੈ, ਜਿਹੜਾ ਅਪਰਾਧ-ਮੁਕਤ ਯੂ ਪੀ ਦੇ ਨਾਂਅ ‘ਤੇ ਚਲਾਇਆ ਜਾ ਰਿਹਾ ਹੈ | ਜੇ ਇਸ ਸਮਾਜ ਦਾ ਰਾਸ਼ਟਰੀ ਚਰਿੱਤਰ ਇਹੀ ਰਹਿਣ ਵਾਲਾ ਹੈ ਤਾਂ ਇੱਥੇ ਨਾ ਲੋਕਤੰਤਰ ਬਚਣ ਵਾਲਾ ਹੈ ਤੇ ਨਾ ਹੀ ਵਿਕਾਸ ਦੀ ਕਿਸੇ ਉਪਲੱਬਧੀ ਦਾ ਲਾਭ ਰਾਸ਼ਟਰ, ਯਾਨੀ ਉਸ ਦੀ ਵਿਆਪਕ ਆਬਾਦੀ ਨੂੰ ਮਿਲਣ ਵਾਲਾ ਹੈ | ਹੁਣ ਆਪਾਂ ਭਾਰਤ ਦੇ ਇਸ ਪਾਖੰਡੀ ਚਰਿੱਤਰ ਦਾ ਦੋਸ਼ ਦੋ ਸੌ ਸਾਲ ਦੀ ਅੰਗਰੇਜ਼ਾਂ ਦੀ ਗੁਲਾਮੀ ‘ਤੇ ਪਾ ਕੇ ਨਹੀਂ ਬਚ ਸਕਦੇ | ਇਹ ਸਾਡਾ ਪੌਰਾਣਿਕ ਚਰਿੱਤਰ ਹੈ, ਜਿਸ ਵਿੱਚ ਇੱਕ ਪਾਸੇ ਅਦਵੈਤਵਾਦ ਹੈ, ਤਾਂ ਦੂਜੇ ਪਾਸੇ ਛੂਤਛਾਤ | ਇਸ ਤੋਂ ਉੱਭਰੇ ਬਿਨਾਂ ਭਾਰਤ ਦਾ ਕਲਿਆਣ ਨਹੀਂ ਹੈ |