ਗੁਰੀਲੇ ਦੀ ਧੀ ਨੇ ਸੰਭਾਲੀ ਕਮਾਨ

0
17

ਕਰਾਕਸ : ਅਮਰੀਕੀ ਫੌਜ ਵੱਲੋਂ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗਿ੍ਫਤਾਰੀ ਤੋਂ ਬਾਅਦ ਵੈਨੇਜ਼ੁਏਲਾ ਵਿੱਚ ਤਿੱਖੀ ਰਾਜਨੀਤਕ ਉਥਲ-ਪੁਥਲ ਦੇ ਵਿਚਕਾਰ ਦੇਸ਼ ਦੀ ਸੁਪਰੀਮ ਕੋਰਟ ਨੇ ਉਪ ਰਾਸ਼ਟਰਪਤੀ ਡੈਲਸੀ ਰੋਡ੍ਰੀਗਜ਼ ਨੂੰ ਕਾਰਜਕਾਰੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਦਾ ਆਦੇਸ਼ ਦਿੱਤਾ ਹੈ | ਅਦਾਲਤ ਨੇ ਕਿਹਾ ਕਿ ਇਹ ਫੈਸਲਾ ਦੇਸ਼ ਦੀ ਪ੍ਰਭੂਸੱਤਾ ਅਤੇ ਪ੍ਰਸ਼ਾਸਨਕ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ |
56 ਸਾਲਾ ਡੈਲਸੀ ਰੋਡ੍ਰੀਗਜ਼ ਵੈਨੇਜ਼ੁਏਲਾ ਦੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਅਤੇ ਤਜਰਬੇਕਾਰ ਹਸਤੀ ਹੈ | ਉਹ ਇੱਕ ਇਨਕਲਾਬੀ ਪਰਵਾਰ ਤੋਂ ਆਉਂਦੀ ਹੈ | ਉਸ ਦੇ ਪਿਤਾ ਜੋਰਜ ਐਂਤੋਨੀਓ ਰੋਡ੍ਰੀਗਜ਼ ਇੱਕ ਖੱਬੇਪੱਖੀ ਗੁਰੀਲਾ ਨੇਤਾ ਸਨ | ਕਾਨੂੰਨ ਦੀ ਵਿਦਿਆਰਥਣ ਡੈਲਸੀ ਪਿਛਲੇ ਦਹਾਕੇ ਵਿੱਚ ਮਾਦੁਰੋ ਦੇ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਵਿੱਚੋਂ ਇੱਕ ਵਜੋਂ ਉਭਰੀ ਹੈ | ਉਹ ਮਾਦੁਰੋ ਸਰਕਾਰ ਦੀ ਪੱਕੀ ਸਮਰਥਕ ਰਹੀ ਹੈ | ਮਾਦੁਰੋ ਨੇ ਆਪਣੀ ਸਰਕਾਰ ਦੇ ਸਮਰਥਨ ਲਈ ਉਸ ਨੂੰ ਸ਼ੇਰਨੀ ਵੀ ਕਿਹਾ |
2013 ਅਤੇ 2017 ਦੇ ਵਿਚਕਾਰ ਉਸ ਨੇ ਸੂਚਨਾ ਅਤੇ ਵਿਦੇਸ਼ ਮੰਤਰਾਲਿਆਂ ਵਿੱਚ ਮਹੱਤਵਪੂਰਨ ਅਹੁਦੇ ਸੰਭਾਲੇ | ਜੂਨ 2018 ਵਿੱਚ, ਮਾਦੁਰੋ ਨੇ ਉਸ ਨੂੰ ਉਪ ਰਾਸ਼ਟਰਪਤੀ ਨਿਯੁਕਤ ਕੀਤਾ | ਮਾਦੁਰੋ ਨੇ ਅਕਸਰ ਉਸ ਨੂੰ ‘ਇੱਕ ਬਹਾਦਰ ਇਨਕਲਾਬੀ, ਇੱਕ ਹਜ਼ਾਰ ਲੜਾਈਆਂ ਵਿੱਚ ਪਰਖਿਆ’ ਦੱਸਿਆ | ਅਗਸਤ 2024 ਵਿੱਚ ਉਸ ਨੂੰ ਅਮਰੀਕੀ ਪਾਬੰਦੀਆਂ ਦੇ ਵਿਰੁੱਧ ਦੇਸ਼ ਦੀ ਆਰਥਿਕਤਾ ਨੂੰ ਸੰਭਾਲਣ ਵਿੱਚ ਸਹਾਇਤਾ ਲਈ ਤੇਲ ਮੰਤਰੀ ਦਾ ਵਾਧੂ ਚਾਰਜ ਦਿੱਤਾ ਗਿਆ ਸੀ |
ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਡੈਲਸੀ ਰੋਡ੍ਰੀਗਜ਼ ਨੇ ਸਰਕਾਰੀ ਟੈਲੀਵਿਜ਼ਨ ‘ਤੇ ਪ੍ਰਸਾਰਤ ਇੱਕ ਆਡੀਓ ਸੰਦੇਸ਼ ਵਿੱਚ ਮਾਦੁਰੋ ਨੂੰ ਦੇਸ਼ ਦਾ ਇਕਲੌਤਾ ਜਾਇਜ਼ ਰਾਸ਼ਟਰਪਤੀ ਐਲਾਨਿਆ ਅਤੇ ਅਮਰੀਕਾ ਤੋਂ ਸਬੂਤ ਮੰਗਿਆ ਕਿ ਉਹ ਜ਼ਿੰਦਾ ਹੈ | ਉਸ ਨੇ ਕਿਹਾ ਕਿ ਇਸ ਦੇਸ਼ ਦਾ ਸਿਰਫ ਇੱਕ ਹੀ ਰਾਸ਼ਟਰਪਤੀ ਹੈ ਅਤੇ ਉਸ ਦਾ ਨਾਂਅ ਨਿਕੋਲਸ ਮਾਦੁਰੋ ਮੋਰੋਸ ਹੈ |