ਸਾਡਾ ਦੇਸ਼ ਵਿਕਾਊ ਨਹੀਂ : ਨੀਲਸਨ
ਵਾਸ਼ਿੰਗਟਨ : ਵੈਨੇਜ਼ੂਏਲਾ ਦੇ ਅੰਦਰ ਹਮਲਾ ਕਰਕੇ ਰਾਸ਼ਟਰਪਤੀ ਨਿਕੋਲਸ ਨੂੰ ਫੜਨ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੇ ਨਿਸ਼ਾਨੇ ‘ਤੇ ਹੁਣ ਗ੍ਰੀਨਲੈਂਡ ਹੈ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਏਅਰਫੋਰਸ ਵਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਕਾਰਨ ਉਨ੍ਹਾ ਨੂੰ ਗ੍ਰੀਨਲੈਂਡ ਚਹੀਦਾ ਹੈ | ਉਨ੍ਹਾ ਕਿਹਾ ਕਿ ਯੂਰਪੀ ਸੰਘ ਨੂੰ ਵੀ ਇਹ ਪਤਾ ਹੈ | ਨਾਲ ਹੀ ਟਰੰਪ ਦੇ ਸਭ ਤੋਂ ਕਰੀਬੀ ਅਤੇ ਉਨ੍ਹਾ ਦੇ ਪ੍ਰਸ਼ਾਸ਼ਨ ਦੇ ਸਭ ਤੋਂ ਪ੍ਰਭਾਸ਼ਾਲੀ ਸਹਿਯੋਗੀ ਸਟੀਫਨ ਮਿਲਰ ਦੀ ਪਤਨੀ ਨੇ ਐੱਕਸ ‘ਤੇ ਗ੍ਰੀਨਲੈਂਡ ਨੂੰ ਲੈ ਕੇ ਇੱਕ ਪੋਸਟ ਕੀਤਾ, ਜਿਸ ‘ਤੇ ਡੈਨਮਾਰਕ ਨੇ ਡੂੰਘਾ ਇਤਰਾਜ਼ ਪ੍ਰਗਟਾਇਆ | ਸਟੀਫਨ ਮਿਲਰ ਟਰੰਪ ਪ੍ਰਸ਼ਾਸਨ ‘ਚ ਡਿਪਟੀ ਚੀਫ਼ ਆਫ਼ ਸਟਾਫ਼ ਹਨ ਅਤੇ ਉਨ੍ਹਾ ਦੀ ਪਤਨੀ ਕੈਟੀ ਮਿਲਰ ਨੇ ਵੈਨੇਜ਼ੂਏਲਾ ਅਪਰੇਸ਼ਨ ਤੋਂ ਬਾਅਦ ਐੱਕਸ ‘ਤੇ ਗ੍ਰੀਨਲੈਂਡ ਦੀ ਇੱਕ ਤਸਵੀਰ ਪੋਸਟ ਕੀਤੀ | ਇਸ ਤਸਵੀਰ ‘ਚ ਗ੍ਰੀਨਲੈਂਡ ਨੂੰ ਅਮਰੀਕੀ ਝੰਡੇ ‘ਚ ਦਿਖਾਇਆ ਗਿਆ ਹੈ ਅਤੇ ਇਸ ‘ਤੇ ਸਿਰਫ਼ ਇੱਕ ਸ਼ਬਦ ਲਿਖਿਆ ‘ਜਲਦ’ | ਕੇਟੀ ਮਿਲਰ ਦੀ ਪੋਸਟ ਨੂੰ ਲੈ ਕੇ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ | ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫੈ੍ਰਡਰਿਕਸਨ ਨੇ ਅਮਰੀਕੀ ਰਾਸ਼ਟਰਪਤੀ ਨੂੰ ਗ੍ਰੀਨਲੈਂਡ ‘ਤੇ ਕਬਜ਼ੇ ਨੂੰ ਲੈ ਕੇ ‘ਧਮਕੀਆਂ ਦੇਣਾ ਬੰਦ ਕਰਨ’ ਨੂੰ ਕਿਹਾ ਹੈ | ਗ੍ਰੀਨਲੈਂਡ ਦੀ ਪ੍ਰਧਾਨ ਮੰਤਰੀ ਜੇਨਸ ਫ੍ਰੈਡਰਿਕ ਨੀਲਸਨ ਨੇ ਕੇਟੀ ਮਿਲਰ ਦੀ ਇਸ ਪੋਸਟ ਨੂੰ ਇਤਰਾਜ਼ਯੋਗ ਦੱਸਿਆ | ਉਨ੍ਹਾ ਐੱਕਸ ‘ਤੇ ਲਿਖਿਆ, ‘ਦੇਸ਼ਾਂ ਅਤੇ ਲੋਕਾਂ ਵਿਚਾਲੇ ਰਿਸ਼ਤੇ ਆਪਸੀ ਸਨਮਾਨ ਅਤੇ ਅੰਤਰਰਾਸ਼ਟਰੀ ਕਾਨੂੰਨ ‘ਤੇ ਬਣਦੇ ਹਨ | ਇਸ ਇਸ਼ਾਰੇ ‘ਤੇ ਨਹੀਂ, ਜੋ ਸਾਡੇ ਅਹੁਦੇ ਅਤੇ ਸਾਡੇ ਅਧਿਕਾਰਾਂ ਦੀ ਅਣਦੇਖੀ ਕਰੇ |’ ਹਾਲਾਂਕਿ ਉਨ੍ਹਾ ਇਹ ਵੀ ਕਿਹਾ ਕਿ ਘਬਰਾਉਣ ਜਾਂ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ | ਸਾਡਾ ਦੇਸ਼ ਵਿਕਰੀ ਲਈ ਨਹੀਂ, ਕੋਈ ਵਜ੍ਹਾ ਨਹੀ ਅਤੇ ਸਾਡਾ ਭਵਿੱਖ ਸੋਸ਼ਲ ਮੀਡੀਆ ਪੋਸਟ ਨਾਲ ਤੈਅ ਨਹੀਂ ਹੋਵੇਗਾ |’





