ਅੰਮਿ੍ਤਸਰ : ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਕਿਹਾ ਹੈ ਕਿ ਉਹ ਆਪਣੇ ਵਿਭਾਗ ਵਿੱਚ ਕੋਈ ਗੁਰਸਿੱਖ ਅਤੇ ਸਿੱਖ ਧਰਮ ਦੇ ਗਿਆਤਾ ਅਧਿਕਾਰੀ ਨੂੰ ਨਿਯੁਕਤ ਕਰਨ, ਤਾਂ ਕਿ ਭਵਿੱਖ ਵਿੱਚ ਸਿੱਖ ਧਰਮ ਸੰਬੰਧੀ ਕੋਈ ਗਲਤੀ ਨਾ ਹੋਵੇ | ਸੌਂਦ ਸੋਮਵਾਰ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਪੱਸ਼ਟੀਕਰਨ ਦੇਣ ਪੁੱਜੇ ਸਨ | ਬੀਤੇ ਦਿਨੀਂ ਭਾਈ ਜੈਤਾ ਜੀ ਮਿਊਜ਼ੀਅਮ ਵਿੱਚ ਸਥਾਪਤ ਕੀਤੀਆਂ ਗਈਆਂ ਕੁਝ ਤਸਵੀਰਾਂ ਦੇ ਮਾਮਲੇ ਵਿੱਚ ਮਰਿਆਦਾ ਦੀ ਉਲੰਘਣਾ ਦੇ ਦੋਸ਼ ਹੇਠ ਉਨ੍ਹਾ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ | ਉਨ੍ਹਾ ਆਪਣਾ ਤੇ ਆਪਣੇ ਵਿਭਾਗ ਵੱਲੋਂ ਇੱਕ ਸਪੱਸ਼ਟੀਕਰਨ ਜਥੇਦਾਰ ਗੜਗੱਜ ਨੂੰ ਸੌਂਪਿਆ | ਜਥੇਦਾਰ ਗੜਗੱਜ ਨਾਲ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਸੌਂਦ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਸ਼ਤਾਬਦੀ ਮਨਾਉਣ ਸਮੇਂ ਸਿੱਖ ਵਿਦਵਾਨਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਉਨ੍ਹਾ ਵੱਲੋਂ ਦਿੱਤੇ ਗਏ ਸੁਝਾਵਾਂ ਦੇ ਮੁਤਾਬਕ ਹੀ ਸਮਾਗਮ ਕੀਤੇ ਗਏ ਸਨ | ਸੌਂਦ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਨਗੇ ਕਿ ਵਿਭਾਗ ਵਿੱਚ ਸਿੱਖ ਸਿਧਾਂਤਾਂ ਦੀ ਸਮਝ ਰੱਖਣ ਵਾਲੇ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ | ਉਨ੍ਹਾ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਉਨ੍ਹਾ ਨੂੰ ਵਿਸ਼ੇਸ਼ ਤੌਰ ‘ਤੇ ਕਿਹਾ ਸੀ ਕਿ ਮਰਿਆਦਾ ਦਾ ਧਿਆਨ ਰੱਖਿਆ ਜਾਵੇ | ਜ਼ਿਕਰਯੋਗ ਹੈ ਕਿ 28 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਉਨ੍ਹਾ ਨੂੰ 5 ਜਨਵਰੀ ਲਈ ਤਲਬ ਕੀਤਾ ਗਿਆ ਸੀ | ਉਨ੍ਹਾ ਕੋਲੋਂ ਆਨੰਦਪੁਰ ਸਾਹਿਬ ਵਿੱਚ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਯਾਦਗਾਰ ਵਿੱਚ ਲਾਈਆਂ ਤਸਵੀਰਾਂ ਵਿੱਚ ਸਿੱਖ ਸਿਧਾਂਤਾਂ, ਮਰਿਆਦਾ ਅਤੇ ਭਾਵਨਾਵਾਂ ਖਿਲਾਫ ਪੇਸ਼ਕਾਰੀ ਸੰਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਸੀ |





