ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਕਥਿਤ ਨੌਕਰੀ ਬਦਲੇ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਆਰ ਜੇ ਡੀ ਮੁਖੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੇ ਪਰਵਾਰਕ ਮੈਂਬਰਾਂ ਅਤੇ ਹੋਰਨਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੇ ਹੁਕਮ ਦਿੱਤੇ ਹਨ | ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ ਕਿ ਯਾਦਵ ਨੇ ਰੇਲ ਮੰਤਰਾਲੇ ਨੂੰ ਆਪਣੀ ਨਿੱਜੀ ਜਗੀਰ ਵਜੋਂ ਵਰਤਿਆ, ਜਿੱਥੇ ਰੇਲਵੇ ਅਧਿਕਾਰੀਆਂ ਅਤੇ ਆਪਣੇ ਕਰੀਬੀ ਸਹਿਯੋਗੀਆਂ ਦੀ ਮਿਲੀਭੁਗਤ ਨਾਲ ਯਾਦਵ ਪਰਵਾਰ ਵੱਲੋਂ ਜ਼ਮੀਨ ਦੇ ਟੁਕੜੇ ਹਾਸਲ ਕਰਨ ਲਈ ਜਨਤਕ ਰੁਜ਼ਗਾਰ ਨੂੰ ਸੌਦੇਬਾਜ਼ੀ ਵਜੋਂ ਵਰਤਿਆ ਗਿਆ ਸੀ | ਅਦਾਲਤ ਨੇ ਇਸ ਮਾਮਲੇ ਵਿੱਚ 41 ਵਿਅਕਤੀਆਂ ਵਿਰੁੱਧ ਦੋਸ਼ ਤੈਅ ਕੀਤੇ ਹਨ ਅਤੇ ਰੇਲਵੇ ਅਧਿਕਾਰੀਆਂ ਸਮੇਤ 52 ਨੂੰ ਦੋਸ਼ਮੁਕਤ ਕਰ ਦਿੱਤਾ ਹੈ |




