ਟੋਰਾਂਟੋ : ਕੈਨੇਡਾ ਦੇ ਪੀਲ ਖੇਤਰ ਵਿੱਚ ਪੁਲਸ ਨੇ ਦੇਸ਼ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਨਾਲ ਸੰਬੰਧਤ ਇਕ ਜਣੇ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਮਾਮਲਾ 2.2 ਕਰੋੜ ਡਾਲਰ ਤੋਂ ਵੱਧ ਮੁੱਲ ਦੀਆਂ ਸੋਨੇ ਦੀਆਂ ਬਾਰਾਂ ਦੀ ਚੋਰੀ ਨਾਲ ਸੰਬੰਧਤ ਹੈ | ਇਹ ਦੇਸ਼ ਦੇ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਹੈ | ਪੀਲ ਖੇਤਰੀ ਪੁਲਸ ਦੀ ਵੈੱਬਸਾਈਟ ‘ਤੇ ਕਿਹਾ ਗਿਆ ਹੈ ਕਿ 43 ਸਾਲਾ ਅਰਸਲਾਨ ਚੌਧਰੀ ਨੂੰ ਸੋਮਵਾਰ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਵੇਲੇ ਗਿ੍ਫਤਾਰ ਕੀਤਾ ਗਿਆ ਜਦੋਂ ਉਹ ਦੁਬਈ, ਸੰਯੁਕਤ ਅਰਬ ਅਮੀਰਾਤ ਤੋਂ ਇੱਕ ਉਡਾਣ ਰਾਹੀਂ ਇੱਥੇ ਆਇਆ | ਪੁਲਸ ਨੇ ਕਿਹਾ ਹੈ ਕਿ ਚੌਧਰੀ ਦਾ ਕੋਈ ਪੱਕਾ ਪਤਾ ਨਹੀਂ ਹੈ | ਪਹਿਲਾਂ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਉਹ ਮਿਸੀਸਾਗਾ ਨਾਲ ਸੰਬੰਧਤ ਹੈ | ਚੌਧਰੀ ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ | ਇਹ ਮਾਮਲਾ 17 ਅਪਰੈਲ, 2023 ਦਾ ਹੈ, ਜਦੋਂ ਸਵਿਟਜ਼ਰਲੈਂਡ ਦੇ ਜ਼ਿਊਰਿਕ ਤੋਂ ਇੱਕ ਉਡਾਣ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਾਮਾਨ ਲੈ ਕੇ ਉੱਤਰੀ, ਜਿਸ ਵਿਚ 400 ਕਿਲੋ ਦੀ .9999-ਸ਼ੁੱਧ ਸੋਨੇ ਦੀ ਖੇਪ ਸੀ | ਇਸ ਵਿਚ 6,600 ਸੋਨੇ ਦੀਆਂ ਬਾਰਾਂ ਸਨ, ਜਿਨ੍ਹਾਂ ਦਾ ਮੁੱਲ 20 ਮਿਲੀਅਨ ਡਾਲਰ ਤੋਂ ਵੱਧ ਸੀ | ਇਸ ਖੇਪ ਨੂੰ ਹਵਾਈ ਅੱਡੇ ‘ਤੇ ਉਤਾਰਿਆ ਗਿਆ ਸੀ ਅਤੇ ਇੱਕ ਵੱਖਰੇ ਸਥਾਨ ‘ਤੇ ਲਿਜਾਇਆ ਗਿਆ ਸੀ, ਪਰ ਕੁਝ ਘੰਟਿਆਂ ਬਾਅਦ ਹੀ ਇਸ ਸੋਨੇ ਦੇ ਗਾਇਬ ਹੋਣ ਦੀ ਰਿਪੋਰਟ ਮਿਲੀ |
ਪੁਲਸ ਨੇ ਚੋਰੀ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਤੇ ਇਸ ਮਾਮਲੇ ਵਿੱਚ ਦਸ ਵਿਅਕਤੀਆਂ ਦੀ ਪਛਾਣ ਕੀਤੀ, ਜਿਨ੍ਹਾਂ ਨੂੰ ਵਾਰੰਟ ਜਾਰੀ ਕੀਤੇ ਗਏ ਤੇ 21 ਤੋਂ ਵੱਧ ਦੋਸ਼ ਲਗਾਏ ਗਏ | ਇਸ ਮਾਮਲੇ ਵਿਚ ਦੋ ਵਿਅਕਤੀ ਹਾਲੇ ਵੀ ਫਰਾਰ ਹਨ, ਜਿਨ੍ਹਾਂ ਵਿੱਚ ਬਰੈਂਪਟਨ ਤੋਂ 33 ਸਾਲਾ ਸਿਮਰਨ ਪ੍ਰੀਤ ਪਨੇਸਰ ਸ਼ਾਮਲ ਹੈ, ਜੋ ਏਅਰ ਕੈਨੇਡਾ ਦਾ ਸਾਬਕਾ ਕਰਮਚਾਰੀ ਸੀ | ਪਨੇਸਰ ਭਾਰਤ ਵਿੱਚ ਰਹਿ ਰਿਹਾ ਮੰਨਿਆ ਜਾਂਦਾ ਹੈ | ਇਸ ਮਾਮਲੇ ਦਾ ਇਕ ਹੋਰ ਮੁਲਜ਼ਮ 36 ਸਾਲਾ ਪ੍ਰਸਾਥ ਪਰਮਾਲਿੰਗਮ ਹੈ, ਜੋ ਬਰੈਂਪਟਨ ਦਾ ਰਹਿਣ ਵਾਲਾ ਹੈ |





