ਵਿਸ਼ਵ ਗੁਰੂ ਬਣਨ ਦੀ ਖਾਮਖਿਆਲੀ

0
4

ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਹੀ ਯੂਨੀਵਰਸਿਟੀਆਂ ਨੂੰ ਵਿਸ਼ਵ ਪੱਧਰੀ ਬਣਾਉਣ ਦੇ ਦਾਅਵੇ ਕਰ ਰਹੇ ਹਨ, ਪਰ ਉਨ੍ਹਾ ਵੱਲੋਂ ਯੋਜਨਾ ਆਯੋਗ ਦਾ ਨਾਂਅ ਬਦਲ ਕੇ ਬਣਾਏ ਗਏ ਨੀਤੀ ਆਯੋਗ ਦੀ ਰਿਪੋਰਟ ਉਨ੍ਹਾਂ ਦੇ ਦਾਅਵਿਆਂ ਦਾ ਦਮ ਕੱਢ ਰਹੀ ਹੈ | ਭਾਰਤ ‘ਚ ਸਿੱਖਿਆ ਦਾ ਅਰਥ ਅੱਜ ਵੀ ਮੂਲ ਤੌਰ ‘ਤੇ ਉੱਚ ਸਿੱਖਿਆ ਹੀ ਬਣਿਆ ਹੋਇਆ ਹੈ, ਜਿਸ ਵਿੱਚ ਮੱਧ ਵਰਗ ਤੇ ਉੱਚ-ਮੱਧ ਵਰਗ ਦੀ ਭਾਗੀਦਾਰੀ ਰਹਿੰਦੀ ਹੈ | ਉੱਚ ਵਰਗ ਸ਼ੁਰੂ ਤੋਂ ਹੀ ਵਿਦੇਸ਼ਾਂ ਵਿੱਚ ਸਿੱਖਿਆ ਹਾਸਲ ਕਰਨ ਨੂੰ ਤਰਜੀਹ ਦਿੰਦਾ ਰਿਹਾ ਹੈ | ਪਿਛਲੇ ਦੋ ਦਹਾਕਿਆਂ ਤੋਂ ਮੱਧ ਤੇ ਉੱਚ-ਮੱਧ ਵਰਗ ਦਾ ਜ਼ੋਰ ਵੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਉਣ ‘ਤੇ ਲੱਗਾ ਹੋਇਆ ਹੈ | 2016 ਤੋਂ 2022 ਤੱਕ ਭਾਰਤ ਵਿੱਚ ਵਿਦੇਸ਼ ਤੋਂ ਆਉਣ ਵਾਲੇ ਤੇ ਭਾਰਤ ਤੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਅੰਕੜੇ ਦੇਖਣ ਤੋਂ ਸਾਫ ਹੁੰਦਾ ਹੈ ਕਿ ਭਾਰਤ ਨੇ ਵਿਸ਼ਵ ਗੁਰੂ ਬਣਨ ਲਈ ਕਿੰਨੇ ਮਾਅਰਕੇ ਮਾਰੇ ਹਨ | 2016 ਵਿੱਚ ਭਾਰਤ ਪੜ੍ਹਨ ਆਉਣ ਵਾਲਿਆਂ ਦੀ ਗਿਣਤੀ 45424 ਸੀ ਤੇ ਦੋ-ਚਾਰ ਹਜ਼ਾਰ ਉੱਤੇ-ਹੇਠਾਂ ਹੁੰਦੇ ਹੋਏ 2022 ਵਿੱਚ 46878 ਸੀ | ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ 2016 ਵਿੱਚ 684823 ਸੀ ਤੇ 2022 ਵਿੱਚ 907404 ਤੱਕ ਪੁੱਜ ਗਈ ਸੀ | 2021 ਵਿੱਚ ਤਾਂ ਇਹ 1158702 ਤੱਕ ਪੁੱਜ ਗਈ ਸੀ |
ਭਾਰਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਹਿੱਸੇਦਾਰੀ ਇੱਕ ਫੀਸਦੀ ਤੋਂ ਵੀ ਘੱਟ ਹੈ, ਜਦਕਿ ਅਮਰੀਕਾ ਵਿੱਚ 15-16 ਫੀਸਦੀ ਹੈ, ਬਰਤਾਨੀਆ ਵਿੱਚ 8-9, ਆਸਟਰੇਲੀਆ ਵਿੱਚ 7-8, ਚੀਨ ਵਿੱਚ 6-7 ਫੀਸਦੀ ਹੈ | ਭਾਰਤ ਦੇ ਜ਼ਿਆਦਾਤਰ ਵਿਦਿਆਰਥੀ ਕੈਨੇਡਾ, ਅਮਰੀਕਾ, ਬਰਤਾਨੀਆ, ਆਸਟਰੇਲੀਆ ਤੇ ਜਰਮਨੀ ਜਾਂਦੇ ਹਨ | ਅਮਰੀਕਾ ਵੱਲੋਂ ਹਾਲ ਹੀ ਵਿੱਚ ਕਈ ਤਰ੍ਹਾਂ ਦੀਆਂ ਰੋਕਾਂ ਲਾਉਣ ਕਾਰਨ ਉੱਥੇ ਜਾਣ ਵਾਲਿਆਂ ਦੀ ਗਿਣਤੀ ਘਟੀ ਹੈ | ਨੀਤੀ ਆਯੋਗ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਹਿੱਸੇਦਾਰੀ ਨਾ ਵਧਣ ਦੇ ਪਿੱਛੇ ਕਈ ਕਾਰਨ ਦੱਸੇ ਹਨ, ਜਿਵੇਂ ਕਿ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਦੀ ਕਮੀ, ਕੌਮਾਂਤਰੀ ਸਟੈਂਡਰਡ ਵਾਲੇ ਸਿਲੇਬਸ ਦੀ ਕਮੀ, ਰੈਗੂਲੇਟਰੀ ਪੇਚੀਦਗੀਆਂ, ਵਧੀਆ ਮਾਹੌਲ ਨਾ ਮਿਲਣਾ ਅਤੇ ਭਾਰਤੀ ਯੂਨੀਵਰਸਿਟੀਆਂ ਦੀ ਕੌਮਾਂਤਰੀ ਮੰਚਾਂ ‘ਤੇ ਪੇਸ਼ਕਾਰੀ ਦੀ ਕਮੀ |
ਦੇਸ਼ ਦੀਆਂ ਯੂਨੀਵਰਸਿਟੀਆਂ ‘ਚ ਸਿੱਖਿਆ ਦੀ ਪੂਰੀ ਪ੍ਰਣਾਲੀ ਨੂੰ ਜਿਸ ਤਰ੍ਹਾਂ ਬਦਲਿਆ ਜਾ ਰਿਹਾ ਹੈ ਅਤੇ ਸਿਲੇਬਸਾਂ ‘ਚ ਹਾਕਮਾਂ ਵੱਲੋਂ ਜਿਸ ਤਰ੍ਹਾਂ ਤੁਅੱਸਬ ਲੱਦੇ ਜਾ ਰਹੇ ਹਨ, ਉਸ ਨਾਲ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਪੱਧਰੀ ਤਾਂ ਦੂਰ ‘ਲੋਕਲ’ ਪੱਧਰ ‘ਤੇ ਵੀ ਇਹ ਦੋਇਮ ਦਰਜੇ ਤੋਂ ਹੇਠਾਂ ਜਾਣ ਵਾਲੀ ਹੈ | ਗਾਂ, ਗੋਹਾ ਤੇ ਧੂਫ ਬੱਤੀ ਹੁਣ ਵਿਦਿਅਕ ਅਦਾਰਿਆਂ ਦੇ ਸਿਲੇਬਸ ਬਣ ਕੇ ਸਿੱਖਿਆ ਦੇ ਆਮ ਸਟੈਂਡਰਡ ਨੂੰ ਵੀ ਡੂੰਘੀ ਦਲਦਲ ਵਿੱਚ ਫਸਾ ਰਹੇ ਹਨ | ਭਾਰਤ ਦੀ ਸਿੱਖਿਆ ਵਿਵਸਥਾ ਤੇ ਉਸ ਦੀ ਸੰਰਚਨਾ ਨੂੰ ਦੁਨੀਆ ਦੇ ਨਕਸ਼ੇ ‘ਤੇ ਰੱਖ ਕੇ ਦੇਖਣ ਤੋਂ ਇਹ ਸਾਫ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ‘ਵਿਸ਼ਵ ਗੁਰੂ’ ਦੀ ਭੂਮਿਕਾ ਦੇ ਪਾਇਦਾਨ ‘ਤੇ ਕਾਫੀ ਥੱਲੇ ਹੈ | ਭਾਰਤ ਦੇ ਵਿਦਿਆਰਥੀ ਸਿੱਖਣ ਤੇ ਭਵਿੱਖ ਦੀ ਚਿੰਤਾ ਨੂੰ ਹੱਲ ਕਰਨ ਲਈ ਵਿਦੇਸ਼ੀ ਵਿੱਦਿਅਕ ਅਦਾਰਿਆਂ ਵੱਲ ਵਧੇਰੇ ਆਕਰਸ਼ਤ ਹਨ | ਨਾਲੰਦਾ, ਵਿਕਰਮਸ਼ਿਲਾ ਤੇ ਤਕਸ਼ਸ਼ਿਲਾ ਦੇ ਪ੍ਰਾਚੀਨ ਵਿਸ਼ਵਵਿਦਿਆਲਿਆਂ ਦਾ ਨਾਂਅ ਜਪ ਕੇ ਅਸੀਂ ਕਤਈ ਵਿਸ਼ਵ ਗੁਰੂ ਨਹੀਂ ਬਣ ਸਕਦੇ | ਇਨ੍ਹਾਂ ਪ੍ਰਾਚੀਨ ਵਿਸ਼ਵਵਿਦਿਆਲਿਆਂ ਨੂੰ ਯਾਦ ਕਰਦਿਆਂ ਇਹ ਚੇਤੇ ਰੱਖਣਾ ਹੋਵੇਗਾ ਕਿ ਇਹ ‘ਗੁਰੂਕੁਲ’ ਨਹੀਂ ਸਨ, ਇਹ ਬੌਧ ਵਿੱਦਿਅਕ ਅਦਾਰੇ ਸਨ, ਜਿੱਥੇ ਦਾਰਸ਼ਨਕ ਚਿੰਤਨ ਦਾ ਵਿਕਾਸ ਹੋ ਰਿਹਾ ਸੀ | ਉੱਥੇ ਅਸਹਿਮਤੀਆਂ ‘ਤੇ ਹਮਲਾ ਨਹੀਂ ਸੀ ਹੁੰਦਾ | ਇਹ ਉਹ ਅਦਾਰੇ ਸਨ, ਜਿਨ੍ਹਾਂ ਦੇ ਪ੍ਰਵੇਸ਼ ਦੁਆਰਾਂ ‘ਤੇ ‘ਆਓ, ਗੱਲ ਰੱਖੋ ਤੇ ਸੁਣਨ ਦਾ ਸਬਰ ਰੱਖੋ’ ਲਿਖਿਆ ਹੁੰਦਾ ਸੀ | ਉਨ੍ਹਾਂ ਦੇ ਵਿੱਦਿਅਕ ਦਰਸ਼ਨ ਵਿੱਚ ‘ਕਾਰਜ, ਕਾਰਨ ਤੇ ਨਿਵਾਰਣ’ ਦੀ ਤਰਕ ਪ੍ਰਣਾਲੀ ਤੇ ਚਿੰਤਨ ਵਿਵਸਥਾ ਸੀ, ਜਿਸ ਵਿੱਚ ‘ਆਸਥਾ’ ਨਿਰਣਾਇਕ ਪੱਖ ਨਹੀਂ ਸੀ |