ਸਰਬਜੀਤ ਕੌਰ ਤੋਂ ‘ਨੂਰ’ ਬਣੀ ਮਹਿਲਾ ਗ੍ਰਿਫ਼ਤਾਰ

0
12

ਇਸਲਾਮਾਬਾਦ : ਪਿਛਲੇ ਸਾਲ ਨਵੰਬਰ ‘ਚ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਲਾਪਤਾ ਹੋਣ ਮਗਰੋਂ ਸਥਾਨਕ ਮੁਸਲਿਮ ਨਾਲ ਵਿਆਹ ਕਰਵਾਉਣ ਵਾਲੀ ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਦੇ ਸਰਕਾਰੀ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਹੈ। ਸਰਬਜੀਤ ਕੌਰ ਉਨ੍ਹਾਂ 2,000 ਸਿੱਖ ਸ਼ਰਧਾਲੂਆਂ ‘ਚੋਂ ਇੱਕ ਸੀ ਜੋ ਪਿਛਲੇ ਸਾਲ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਗਏ ਸਨ।ਜਥੇ ‘ਚ ਗਏ ਸਾਰੇ ਸ਼ਰਧਾਲੂ ਕੁਝ ਦਿਨਾਂ ਬਾਅਦ ਘਰ ਵਾਪਸ ਆ ਗਏ, ਪਰ ਸਰਬਜੀਤ ਕੌਰ ਲਾਪਤਾ ਹੋ ਗਈ।ਲਾਹੌਰ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਮਗਰੋਂ ਕਿਹਾ ਕਿ ਸਰਬਜੀਤ ਨੇ 4 ਨਵੰਬਰ ਨੂੰ ਪਾਕਿਸਤਾਨ ਪਹੁੰਚਣ ਤੋਂ ਇੱਕ ਦਿਨ ਬਾਅਦ ਲਾਹੌਰ ਤੋਂ ਕਰੀਬ 50 ਕਿਲੋਮੀਟਰ ਦੂਰ ਸ਼ੇਖੂਪੁਰਾ ਜ਼ਿਲ੍ਹੇ ਦੇ ਨਾਸਿਰ ਹੁਸੈਨ ਨਾਲ ਵਿਆਹ ਕਰ ਲਿਆ। ਪੰਜਾਬ ਸਰਕਾਰ ਦੇ ਸੂਤਰ ਨੇ ਦੱਸਿਆ, ”ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ, ਪੰਜਾਬ ਪੁਲਸ ਨੇ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਰਬਜੀਤ ਕੌਰ ਨੂੰ ਲਾਹੌਰ ਦੇ ਦਾਰੁਲ ਅਮਾਨ (ਸਰਕਾਰੀ ਸ਼ੈਲਟਰ ਹੋਮ) ਭੇਜ ਦਿੱਤਾ।” ਉਨ੍ਹਾਂ ਕਿਹਾ ਕਿ ਅਧਿਕਾਰੀ ਸਰਬਜੀਤ ਕੌਰ ਨੂੰ ਡਿਪੋਰਟ ਕਰਨਾ ਚਾਹੁੰਦੇ ਹਨ।