ਪਿਆਜ਼ ਦਾ ਸਹੀ ਭਾਅ ਨਾ ਮਿਲਣ ਕਾਰਨ ਮਹਾਰਾਸ਼ਟਰ ਦੇ ਵੜਗਾਂਵ ਆਨੰਦ ਪਿੰਡ ਦਾ 45 ਸਾਲਾ ਕਿਸਾਨ ਦਸ਼ਰਥ ਲਕਸ਼ਮਣ ਕੇਦਾਰੀ ਤਲਾਬ ਵਿਚ ਛਾਲ ਮਾਰ ਕੇ ਆਤਮਹੱਤਿਆ ਕਰਨ ਤੋਂ ਪਹਿਲਾਂ ਜਿਹੜਾ ਖੁਦਕੁਸ਼ੀ ਨੋਟ ਛੱਡ ਕੇ ਗਿਆ, ਉਹ ਦੇਸ਼ ਦੇ ਕਿਸਾਨਾਂ ਦੀ ਹਾਲਤ ਬਿਆਨ ਕਰਦਾ ਹੈ। ਹਾਲਾਂਕਿ ਅਲੇਫਾਟਾ ਥਾਣੇ ਨੇ ਐਕਸੀਡੈਂਟਲ ਡੈੱਥ ਦਾ ਮਾਮਲਾ ਦਰਜ ਕੀਤਾ ਹੈ, ਪਰ ਉਸ ਨੇ ਖੁਦਕੁਸ਼ੀ ਨੋਟ ਵਿਚ ਜੋ ਲਿਖਿਆ, ਉਸ ਨੂੰ ਪੜ੍ਹ ਕੇ ਮੌਤ ਨੂੰ ਹਾਦਸਾ ਨਹੀਂ ਕਿਹਾ ਜਾ ਸਕਦਾ, ਉਸ ਦੀ ਮੌਤ ਸਿਸਟਮ ਦੀ ਸਿਤਮਜ਼ਰੀਫੀ ਦਾ ਨਤੀਜਾ ਹੈ। ਕੇਦਾਰੀ ਨੇ ਖੁਦਕਸ਼ੀ ਨੋਟ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ (19 ਸਤੰਬਰ) ਦੀਆਂ ਸ਼ੁਭਕਾਮਨਾਵਾਂ ਦੇਣ ਨਾਲ ਕਰਨ ਤੋਂ ਬਾਅਦ ਲਿਖਿਆ ਕਿ ਮਹਾਰਾਸ਼ਟਰ ਤੇ ਕੇਂਦਰ ਸਰਕਾਰ ਕਿਸਾਨਾਂ ਦੀ ਦੁਰਦਸ਼ਾ ਦੀ ਅਣਦੇਖੀ ਕਰ ਰਹੀਆਂ ਹਨ। ਕੋਰੋਨਾ ਮਹਾਂਮਾਰੀ ਤੇ ਫਿਰ ਭਾਰੀ ਬਾਰਿਸ਼ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਨੇ ਵੀ ਕੁਝ ਨਹੀਂ ਕੀਤਾ। ਹੱਥ ਨਾਲ ਲਿਖੇ ਨੋਟ ਵਿਚ ਕੇਦਾਰੀ ਨੇ ਕਿਹਾਸਾਡੇ ਕੋਲ ਪੈਸੇ ਨਹੀਂ ਹਨ, ਸ਼ਾਹੂਕਾਰ ਇੰਤਜ਼ਾਰ ਕਰਨ ਲਈ ਤਿਆਰ ਨਹੀਂ ਹਨ, ਕੀ ਕਰੀਏ? ਅਸੀਂ ਪਿਆਜ਼ ਨੂੰ ਬਾਜ਼ਾਰ ਤੱਕ ਲਿਜਾਣ ਦਾ ਖਰਚ ਵੀ ਨਹੀਂ ਉਠਾ ਸਕਦੇ। ਤੁਸੀਂ ਬੱਸ ਆਪਣੇ ਬਾਰੇ ਸੋਚ ਰਹੇ ਹੋ ਮੋਦੀ ਸਾਹਿਬ। ਤੁਹਾਨੂੰ ਫਸਲ ਲਈ ਗਰੰਟੀਸ਼ੁਦਾ ਭਾਅ ਦੇਣਾ ਪਵੇਗਾ। ਤੁਸੀਂ ਖੇਤੀ ਨੂੰ ਸੰਭਾਲ ਨਹੀਂ ਪਾ ਰਹੇ। ਕਿਸਾਨ ਕੀ ਕਰਨ? ਫਾਈਨੈਂਸ ਵਾਲੇ ਧਮਕਾਉਂਦੇ ਹਨ, ਸਹਿਕਾਰੀ ਸਭਾ ਦੇ ਅਧਿਕਾਰੀ ਗਾਲ਼ਾਂ ਕੱਢਦੇ ਹਨ। ਇਨਸਾਫ ਲਈ ਅਸੀਂ ਕਿਸ ਕੋਲ ਜਾਈਏ? ਅੱਜ ਤੁਹਾਡੇ ਕੁਝ ਨਾ ਕਰਨ ਕਰਕੇ ਮੈਂ ਆਤਮਹੱਤਿਆ ਕਰਨ ਲਈ ਮਜਬੂਰ ਹਾਂ। �ਿਪਾ ਕਰਕੇ ਸਾਨੂੰ ਫਸਲਾਂ ਦਾ ਭਾਅ ਦਿਓ, ਜੋ ਸਾਡਾ ਅਧਿਕਾਰ ਹੈ।
ਕੇਦਾਰੀ ਆਪਣੇ ਪਿੱਛੇ ਮਾਂ, ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਉਸ ਕੋਲ ਇਕ ਖੇਤ ਤੇ ਇਕ ਦੋਪਹੀਆ ਵਾਹਨ ਸੀ। ਉਸ ਨੇ ਢਾਈ ਲੱਖ ਰੁਪਏ ਕਰਜ਼ਾ ਲੈ ਕੇ ਮਈ ਵਿਚ ਪਿਆਜ਼ ਦੀ ਫਸਲ ਵੱਢੀ ਸੀ। ਉਦੋਂ ਉਸ ਦਾ ਭਾਅ ਕਰੀਬ 10 ਰੁਪਏ ਕਿੱਲੋ ਸੀ। ਇਸ ਲਈ ਉਸ ਨੇ ਪਿਆਜ਼ ਵੇਚਣ ਦੀ ਥਾਂ ਸਟੋਰ ਵਿਚ ਰਖਾ ਦਿੱਤਾ। ਉਥੇ ਵੀ ਪੈਸੇ ਦੇਣੇ ਪਏ। ਬਾਅਦ ਵਿਚ ਵੀ ਭਾਅ ਨਹੀਂ ਵਧਿਆ ਤੇ ਬਾਰਿਸ਼ ਕਾਰਨ ਅੱਧਾ ਪਿਆਜ਼ ਖਰਾਬ ਹੋ ਗਿਆ। ਇਸ ਦੇ ਬਾਅਦ ਉਸ ਨੇ ਉਸੇ ਖੇਤ ਵਿਚ ਟਮਾਟਰ ਤੇ ਸੋਇਆਬੀਨ ਦੀ ਖੇਤੀ ਕੀਤੀ, ਪਰ ਪਹਿਲੀ ਬਾਰਿਸ਼ ਵਿਚ ਟਮਾਟਰ ਦੀ ਫਸਲ ਖਰਾਬ ਹੋ ਗਈ ਤੇ ਪਿਛਲੇ ਹਫਤੇ ਦੀ ਬਾਰਿਸ਼ ਨੇ ਸੋਇਆਬੀਨ ਦੀ ਫਸਲ ਖਰਾਬ ਕਰ ਦਿੱਤੀ। ਕੇਦਾਰੀ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ 17 ਸਤੰਬਰ ਨੂੰ ਸਰਕਾਰੀ ਦਫਤਰ ਰਿਪੋਰਟ ਦਰਜ ਕਰਾਉਣ ਗਿਆ ਸੀ, ਪਰ ਰਿਪੋਰਟ ਦਰਜ ਨਹੀਂ ਕੀਤੀ ਗਈ। ਇਸ ਦੇ ਬਾਅਦ ਉਸ ਨੇ ਦੁਪਹਿਰ ਜ਼ਹਿਰ ਖਾ ਲਈ ਤੇ ਖੇਤ ਵਿਚਲੇ ਤਲਾਬ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ। ਫਸਲ ਦਾ ਸਹੀ ਭਾਅ ਇਕੱਲੇ ਕੇਦਾਰੀ ਨੂੰ ਹੀ ਨਹੀਂ ਮਿਲਿਆ ਤੇ ਫਸਲ ਇਕੱਲੇ ਕੇਦਾਰੀ ਦੀ ਹੀ ਖਰਾਬ ਨਹੀਂ ਹੋਈ, ਦੇਸ਼ ਵਿਚ ਲੱਖਾਂ ਕਿਸਾਨ ਹਨ, ਜਿਹੜੇ ਕੇਦਾਰੀ ਵਰਗੀਆਂ ਹਾਲਤਾਂ ਵਿੱਚੋਂ ਲੰਘ ਰਹੇ ਹਨ। ਕਿਸੇ ਵੀ ਹਾਕਮ ਨੂੰ ਉਨ੍ਹਾਂ ’ਤੇ ਜ਼ਰਾ ਜਿੰਨਾ ਤਰਸ ਨਹੀਂ ਆ ਰਿਹਾ।