ਸੇਬਾਂ ਦੇ ਸੀਜ਼ਨ ਨੇ ਆਤਮਘਾਤੀ ਬਣਨ ਤੋਂ ਬਚਾਅ ਲਿਆ

0
22

ਨਵੀਂ ਦਿੱਲੀ : ਲਾਲ ਕਿਲ੍ਹੇ ਦੇ ਨੇੜੇ ਹੋਏ ਹਾਲੀਆ ਕਾਰ ਧਮਾਕੇ ਤੋਂ ਬਾਅਦ ਫੜੇ ਗਏ ‘ਵ੍ਹਾਈਟ ਕਾਲਰ’ ਅੱਤਵਾਦੀ ਮਡਿਊਲ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਦੇ ਮਾਸਟਰਮਾਈਂਡ ਡਾਕਟਰ ਉਮਰ ਉਨ ਨਬੀ ਨੇ ਇੱਕ-ਦੂਜੇ ਆਤਮਘਾਤੀ ਹਮਲਾਵਰ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਨੌਜਵਾਨ ਸੇਬ ਤੋੜਨ ਦੇ ਸੀਜ਼ਨ ਦੌਰਾਨ ਆਪਣੇ ਪਰਵਾਰ ਦੀ ਮਦਦ ਕਰਨ ਦੀ ਲੋੜ ਦਾ ਹਵਾਲਾ ਦੇ ਕੇ ਅੱਤਵਾਦੀ ਸਾਜ਼ਿਸ਼ ਤੋਂ ਪਿੱਛੇ ਹਟ ਗਿਆ।
ਸ੍ਰੀਨਗਰ ਪੁਲਸ ਤੇ ਕੌਮੀ ਜਾਂਚ ਏਜੰਸੀ ਨੇ ਨਬੀ ਦੁਆਰਾ ਚਲਾਏ ਜਾ ਰਹੇ ਇੱਕ ਸਮਾਂਤਰ ਅੱਤਵਾਦੀ ਮਡਿਊਲ ਦਾ ਪਰਦਾ ਫਾਸ਼ ਕੀਤਾ ਹੈ। ਨਬੀ ਹੀ ਉਹ ਵਿਅਕਤੀ ਸੀ, ਜੋ 10 ਨਵੰਬਰ ਨੂੰ ਇਤਿਹਾਸਕ ਲਾਲ ਕਿਲ੍ਹੇ ਦੇ ਬਾਹਰ ਧਮਾਕਾਖੇਜ ਸਮੱਗਰੀ ਨਾਲ ਲੱਦੀ ਗੱਡੀ ਚਲਾ ਰਿਹਾ ਸੀ, ਜਿਸ ਦੇ ਫਟਣ ਨਾਲ 12 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਗ੍ਰਿਫਤਾਰ ਸ਼ੱਕੀਆਂ ਦੀ ਪੁੱਛਗਿੱਛ ਨੇ ਡਾਕਟਰ ਤੋਂ ਅੱਤਵਾਦੀ ਬਣੇ ਨਬੀ ਵੱਲੋਂ ਵਰਤੀਆਂ ਗਈਆਂ ਭਰਤੀ ਤਕਨੀਕਾਂ ਦਾ ਖੁਲਾਸਾ ਕੀਤਾ, ਜਿਸ ਨਾਲ ਐੱਨ ਆਈ ਏ ਨੇ ਸ਼ੋਪੀਆਂ ਦੇ ਨਿਵਾਸੀ ਯਾਸਿਰ ਅਹਿਮਦ ਡਾਰ ਨੂੰ ਕਾਬੂ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਨਬੀ ਨੇ ਡਾਰ ਨੂੰ ਆਤਮਘਾਤੀ ਹਮਲਾਵਰ ਵਜੋਂ ਸਫਲਤਾਪੂਰਵਕ ਕੱਟੜਪੰਥੀ ਬਣਾ ਲਿਆ ਸੀ, ਪਰ ਪਿਛਲੇ ਸਾਲ ਅਗਸਤ ਵਿੱਚ ਇੱਕ ਮੀਟਿੰਗ ਦੌਰਾਨ ਉਸ ਨੇ ਸੇਬ ਤੋੜਨ ਦੇ ਸੀਜ਼ਨ ਅਤੇ ਘਰ ਦੀ ਮੁਰੰਮਤ ਦਾ ਹਵਾਲਾ ਦੇ ਕੇ ਆਖਰੀ ਸਮੇਂ ‘ਤੇ ਹੱਥ ਪਿੱਛੇ ਖਿੱਚ ਲਏ।
ਡਾਰ ਨੇ ਕਬੂਲ ਕੀਤਾ ਕਿ ਨਬੀ ਦੇ ਇੱਕ ਪੇਸ਼ੇਵਰ ਡਾਕਟਰ ਹੋਣ ਕਾਰਨ ਉਸ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ ਅਤੇ ਉਸ ਦੀਆਂ ਅੱਤਵਾਦੀ ਗੱਲਾਂ ਭਰਤੀ ਹੋਣ ਵਾਲਿਆਂ ਨੂੰ ਵਧੇਰੇ ‘ਭਰੋਸੇਯੋਗ’ ਲੱਗਦੀਆਂ ਸਨ। ਜਾਂਚ ਦੌਰਾਨ ਪੁਲਸ ਨੇ ਇੱਕ ਦੋਸ਼ੀ ਦੇ ਫੋਨ ਤੋਂ ਇੱਕ ਵਾਇਸ ਨੋਟ ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਉਹ ਜੇਹਾਦ ਲਈ ‘ਬਾਇਤ’ (ਵਫ਼ਾਦਾਰੀ ਦੀ ਸਹੁੰ) ਲੈ ਰਿਹਾ ਹੈ। ਇਸ ਮਡਿਊਲ ਦਾ ਇੱਕ ਹੋਰ ਮੈਂਬਰ ਜਸੀਰ ਉਰਫ਼ ਦਾਨਿਸ਼ ਵੀ ਫੜਿਆ ਗਿਆ ਸੀ, ਜਿਸ ਨੂੰ ਨਬੀ ਨੇ ਆਤਮਘਾਤੀ ਹਮਲਾਵਰ ਬਣਨ ਲਈ ਬ੍ਰੇਨਵਾਸ਼ ਕੀਤਾ ਸੀ, ਪਰ ਉਹ ਆਪਣੀ ਮਾੜੀ ਆਰਥਕ ਹਾਲਤ ਅਤੇ ਇਸ ਵਿਸ਼ਵਾਸ ਕਾਰਨ ਪਿੱਛੇ ਹਟ ਗਿਆ ਕਿ ਇਸਲਾਮ ਵਿੱਚ ਖੁਦਕੁਸ਼ੀ ਮਨ੍ਹਾ ਹੈ। ਅਧਿਕਾਰੀਆਂ ਅਨੁਸਾਰ ਨਬੀ 6 ਦਸੰਬਰ ਨੂੰ ਬਾਬਰੀ ਮਸਜਿਦ ਦੀ ਬਰਸੀ ਮੌਕੇ ਦਿੱਲੀ ਜਾਂ ਕਿਸੇ ਧਾਰਮਕ ਸਥਾਨ ‘ਤੇ ਵੱਡਾ ਧਮਾਕਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਹ ਸਾਰਾ ਨੈੱਟਵਰਕ ਉਦੋਂ ਬੇਨਕਾਬ ਹੋਇਆ, ਜਦੋਂ 19 ਅਕਤੂਬਰ 2025 ਨੂੰ ਸ੍ਰੀਨਗਰ ਦੇ ਨੌਗਾਮ ਵਿੱਚ ਜੈਸ਼-ਏ-ਮੁਹੰਮਦ ਦੇ ਪੋਸਟਰ ਦਿਖਾਈ ਦਿੱਤੇ, ਜਿਸ ਤੋਂ ਬਾਅਦ ਹੋਈ ਬਾਰੀਕੀ ਨਾਲ ਜਾਂਚ ਨੇ ਕਸ਼ਮੀਰ, ਹਰਿਆਣਾ ਅਤੇ ਯੂ ਪੀ ਵਿੱਚ ਫੈਲੇ ਇਸ ਖਤਰਨਾਕ ਅੱਤਵਾਦੀ ਨੈੱਟਵਰਕ ਦਾ ਅੰਤ ਕਰ ਦਿੱਤਾ।