ਗ੍ਰੀਨਲੈਂਡੀਏ ਟਰੰਪ ਖਿਲਾਫ ਸੜਕਾਂ ‘ਤੇ ਉੱਤਰੇ

0
18

ਨੁਉਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਉੱਤੇ ਕਬਜ਼ਾ ਕਰਨ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਦਰਮਿਆਨ ਉੱਥੋਂ ਦੇ ਹਜ਼ਾਰਾਂ ਲੋਕਾਂ ਨੇ ਸਨਿੱਚਰਵਾਰ ਮੁਜ਼ਾਹਰਾ ਕਰਕੇ ਨਾਅਰੇ ਲਾਏ ਕਿ ਗ੍ਰੀਨਲੈਂਡ ਵਿਕਾਊ ਨਹੀਂ ਹੈ। ਮੁਜ਼ਾਹਰਾਕਾਰੀ ਬਰਫੀਲੀਆਂ ਸੜਕਾਂ ‘ਤੇ ਤੁਰ ਕੇ ਗ੍ਰੀਨਲੈਂਡ ਦੀ ਰਾਜਧਾਨੀ ਨੁਉਕ ਵਿੱਚ ਅਮਰੀਕੀ ਕੌਂਸਲਖਾਨੇ ਤੱਕ ਪੁੱਜੇ। ਹੁਣ ਤੱਕ ਦੇ ਸਭ ਤੋਂ ਵੱਡੇ ਮੁਜ਼ਾਹਰੇ ਵਿੱਚ ਗ੍ਰੀਨਲੈਂਡ ਦੀ ਇੱਕ-ਚੁਥਾਈ ਆਬਾਦੀ ਨੇ ਹਿੱਸਾ ਲਿਆ।
ਇਸੇ ਦੌਰਾਨ ਟਰੰਪ ਨੇ ਕਿਹਾ ਹੈ ਕਿ ਗ੍ਰੀਨਲੈਂਡ ‘ਤੇ ਉਸ ਦੇ ਕਬਜ਼ੇ ਦਾ ਵਿਰੋਧ ਕਰ ਰਹੇ 8 ਯੂਰਪੀ ਦੇਸ਼ਾਂ ‘ਤੇ ਪਹਿਲੀ ਫਰਵਰੀ ਤੋਂ 10 ਫੀਸਦੀ ਹੋਰ ਟੈਰਿਫ ਲੱਗੇਗਾ। ਇਸ ਨਾਲ ਵੀ ਗ੍ਰੀਨਲੈਂਡ ਦੇ ਲੋਕਾਂ ਵਿੱਚ ਟਰੰਪ ਖਿਲਾਫ ਗੁੱਸਾ ਵਧਿਆ ਹੈ। ਟਰੰਪ ਨੇ ਜਿਨ੍ਹਾਂ ਯੂਰਪੀ ਦੇਸ਼ਾਂ ‘ਤੇ ਟੈਰਿਫ ਵਧਾਉਣ ਦੀ ਗੱਲ ਕਹੀ ਹੈ, ਉਨ੍ਹਾਂ ਵਿੱਚ ਡੈਨਮਾਰਕ, ਨਾਰਵੇ, ਸਵੀਡਨ, ਫਰਾਂਸ, ਜਰਮਨੀ, ਬਰਤਾਨੀਆ, ਹਾਲੈਂਡ ਤੇ ਫਿਨਲੈਂਡ ਸ਼ਾਮਲ ਹਨ।
ਦੂਜੇ ਪਾਸੇ ਯੂਰਪੀ ਯੂਨੀਅਨ ਦੀ ਸੰਸਦ ਅਮਰੀਕਾ ਨਾਲ ਹੋਏ ਵਪਾਰ ਸਮਝੌਤੇ ਦੀ ਮਨਜ਼ੂਰੀ ਰੋਕਣ ਦੀ ਤਿਆਰੀ ਵਿੱਚ ਹੈ। ਯੂਰਪੀਅਨ ਪੀਪਲਜ਼ ਪਾਰਟੀ ਦੇ ਪ੍ਰਧਾਨ ਮੈਨਫਰੈੱਡ ਵੇਬਰ ਨੇ ਕਿਹਾ ਕਿ ਟਰੰਪ ਦੀਆਂ ਗ੍ਰੀਨਲੈਂਡ ਬਾਰੇ ਧਮਕੀਆਂ ਕਾਰਨ ਸਮਝੌਤੇ ਨੂੰ ਮਨਜ਼ੂਰੀ ਦੇਣਾ ਸੰਭਵ ਨਹੀਂ। ਇਸੇ ਦੌਰਾਨ ਯੂਰਪੀ ਦੇਸ਼ ਗ੍ਰੀਨਲੈਂਡ ਦੀ ਹਮਾਇਤ ਵਿੱਚ ਉੱਥੇ ਫੌਜੀ ਭੇਜ ਰਹੇ ਹਨ। ਯੂਰਪੀ ਯੂਨੀਅਨ ਦੀ ਵਿਦੇਸ਼ ਨੀਤੀ ਦੀ ਮੁਖੀ ਕਾਜ਼ਾ ਕਲਾਸ ਨੇ ਕਿਹਾ ਕਿ ਟਰੰਪ ਦੀਆਂ ਧਮਕੀਆਂ ਦਾ ਚੀਨ ਤੇ ਰੂਸ ਨੂੰ ਫਾਇਦਾ ਹੋਵੇਗਾ, ਕਿਉਂਕਿ ਧਮਕੀਆਂ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਵਿਚਾਲੇ ਪਾਟਕ ਪਾਉਣਗੀਆਂ। ਉਨ੍ਹਾ ਕਿਹਾ ਕਿ ਜੇ ਗ੍ਰੀਨਲੈਂਡ ਦੀ ਸੁਰੱਖਿਆ ਨੂੰ ਖਤਰਾ ਹੈ ਤਾਂ ਨਾਟੋ ਮੈਂਬਰ ਆਪਸ ਵਿੱਚ ਸੁਲਝਾ ਸਕਦੇ ਹਨ। ਟੈਰਿਫ ਯੂਰਪ ਤੇ ਅਮਰੀਕਾ ਦੋਵਾਂ ਨੂੰ ਗਰੀਬ ਬਣਾਉਣਗੇ।