ਵੈਨਕੂਵਰ : ਵਪਾਰਕ ਸਮਝੌਤਿਆਂ ‘ਤੇ ਨਿਕਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚੀਨ ਤੋਂ ਵੱਡਾ ਹੁੰਗਾਰਾ ਮਿਲਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨਾਲ ਖੁੱਲ੍ਹੀ ਮੁਲਕਾਤ ਮੌਕੇ ਦੋਹਾਂ ਦੇਸ਼ਾਂ ਦੇ ਮੁਖੀਆਂ ਨੇ ਵਪਾਰਕ ਸਮਝੌਤਾ ਸਹੀਬੰਦ ਕੀਤਾ ਹੈ, ਜਿਸ ਤਹਿਤ ਕੈਨੇਡਾ ਨੇ ਚੀਨ ਤੋਂ ਆਉਂਦੀਆਂ ਬਿਜਲਈ ਕਾਰਾਂ ਉੱਤੇ ਟੈਰਿਫ 100 ਫੀਸਦ ਤੋਂ ਘਟਾ ਕੇ 6 ਫੀਸਦ ਕਰ ਦਿੱਤਾ ਹੈ।
ਚੀਨ ਨੇ ਕੈਨੇਡਾ ਤੋਂ ਦਰਾਮਦ ਵਸਤਾ ਉੱਤੇ ਟੈਰਿਫ 84 ਫੀਸਦ ਤੋਂ ਘਟਾ ਕੇ 15 ਫੀਸਦ ਕਰ ਦਿੱਤਾ ਹੈ। ਕੈਨੇਡਾ ਇਸ ਸਾਲ ਚੀਨ ਤੋਂ 49900 ਕਾਰਾਂ ਦਰਾਮਦ ਕਰੇਗਾ ਤੇ ਅਗਲੇ ਸਾਲਾਂ ਦੌਰਾਨ ਅੰਕੜਾ 70 ਹਜ਼ਾਰ ਸਾਲਾਨਾ ਤੱਕ ਪਹੁੰਚ ਜਾਏਗਾ। ਟੈਰਿਫ ਛੋਟ ਕਾਰਣ ਚੀਨ ਤੋਂ ਆ ਕੇ ਕੈਨੇਡਾ ਵਿੱਚ 60-62 ਹਜ਼ਾਰ ਡਾਲਰ ਵਿੱਚ ਵਿਕਣ ਵਾਲੀ ਬਿਜਲਈ ਕਾਰ ਹੁਣ 35-36 ਹਜ਼ਾਰ ਡਾਲਰ ਵਿੱਚ ਮਿਲ ਸਕੇਗੀ। ਇਸੇ ਤਰ੍ਹਾਂ ਕੈਨੇਡਾ ਤੋਂ ਕਲੋਨਾ ਤੇਲ, ਉੱਚ ਮਿਆਰੀ ਲੱਕੜ, ਸਮੁੰਦਰੀ ਖਾਦ ਪਦਾਰਥ ਤੇ ਕੈਨੇਡਾ ਦੇ ਕਈ ਹੋਰ ਉਤਪਾਦ ਹੁਣ ਚੀਨ ਨੂੰ ਭੇਜੇ ਜਾਣਗੇ। ਇੱਥੋਂ ਦੇ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਚੀਨ ਨਾਲ ਹੋਏ ਸਮਝੌਤੇ ਨੇ ਕੈਨੇਡਾ ਲਈ ਬਰਾਮਦ ਦੇ ਦਰ ਖੋਲ੍ਹ ਦਿੱਤੇ ਹਨ। ਇਸ ਸਮਝੌਤੇ ਤੋਂ ਖੁਸ਼ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਈ ਹੋਰ ਦੇਸ਼ਾਂ ਦੀ ਯਾਤਰਾ ਦਾ ਪ੍ਰੋਗਰਾਮ ਉਲੀਕ ਲਿਆ ਹੈ। ਚੀਨ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਕਿ ਕੈਨੇਡੀਆਈ ਲੋਕਾਂ ਨੂੰ ਚੀਨ ਆਉਣ ਲਈ ਹੁਣ ਵੀਜ਼ੇ ਦੀ ਲੋੜ ਨਹੀਂ ਹੋਏਗੀ।
ਅਮਰੀਕਾ ਦੇ ਦਬਾਅ ਹੇਠ ਕੈਨੇਡਾ ਵੱਲੋਂ ਚੀਨ ਦੀਆਂ ਦਰਾਮਦੀ ਵਸਤਾਂ ‘ਤੇ 84 ਫੀਸਦ ਟੈਰਿਫ ਲਾਉਣ ਨਾਲ ਕੈਨੇਡਾ-ਚੀਨ ਵਪਾਰ ਇੱਕ ਤਰ੍ਹਾਂ ਬੰਦ ਸੀ, ਜਿਸ ਕਾਰਨ ਕੈਨੇਡੀਆਈ ਆਰਥਿਕਤਾ ਡਾਵਾਂਡੋਲ ਹੋ ਗਈ ਸੀ। ਸਮਝੌਤੇ ਨੇ ਕੈਨੇਡਾ ਦੇ ਉਤਪਾਦਕਾਂ ਦੇ ਚਿਹਰੇ ਖਿੜਾ ਦਿੱਤੇ ਹਨ। ਇਨ੍ਹਾਂ ਸਮਝੌਤਿਆਂ ਨਾਲ ਕੈਨੇਡਾ ਨੂੰ ਅਮਰੀਕਾ ਦੇ ਮੂੰਹ ਵੱਲ ਨਹੀਂ ਤੱਕਣਾ ਪਏਗਾ। ਸੰਭਵ ਹੈ ਕਿ ਸਮਝੌਤੇ ਤੋਂ ਚਿੜ੍ਹ ਕੇ ਅਮਰੀਕੀ ਰਾਸ਼ਟਰਪਤੀ ਕੈਨੇਡੀਆਈ ਵਸਤਾਂ ‘ਤੇ ਟੈਰਿਫ ਹੋਰ ਵਧਾ ਦੇਣ।
ਦੂਜੇ ਪਾਸੇ, ਕੈਨੇਡਾ ਦੇ ਬਿਜਲਈ ਕਾਰ ਉਤਪਾਦਨ ਨੂੰ ਥੋੜ੍ਹਾ ਝਟਕਾ ਲੱਗੇਗਾ, ਘਰੇਲੂ ਉਤਪਾਦਨ ਕੁਝ ਘਟੇਗਾ ਤੇ ਉਨ੍ਹਾਂ ਲਈ ਕੀਮਤ ਮੁਕਾਬਲਾ ਵੀ ਖੜ੍ਹਾ ਹੋ ਜਾਏਗਾ, ਪਰ ਖਪਤਕਾਰ ਮਾਮਲਿਆਂ ਦੇ ਮਾਹਰ ਇਸ ਖਦਸ਼ੇ ਨੂੰ ਸਿਰੇ ਤੋਂ ਨਕਾਰਦੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਮੁਕਾਬਲੇਬਾਜ਼ੀ ਵਿੱਚ ਬਿਜਲਈ ਕਾਰਾਂ ਦੀ ਚੀਨ ਤੋਂ ਆਉਣ ਵਾਲੀਆਂ ਅੱਧਾ ਲੱਖ ਕਾਰਾਂ ਤੋਂ ਮੰਗ ਕਿਤੇ ਜ਼ਿਆਦਾ ਵਧੇਗੀ। ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਅਨੁਸਾਰ ਚੀਨ ਨਾਲ ਚੰਗੇ ਸੰਬੰਧ ਕੈਨੇਡਾ ਦੀ ਆਰਥਿਕਤਾ ‘ਚ ਵੱਡਾ ਯੋਗਦਾਨ ਪਾਉਣਗੇ।





