ਨਵੀਂ ਦਿੱਲੀ : ਸੀ ਪੀ ਆਈ (ਐੱਮ) ਨੇ ਸਪੱਸ਼ਟ ਕੀਤਾ ਹੈ ਕਿ ਉਹ ਪੱਛਮੀ ਬੰਗਾਲ ਅਸੰਬਲੀ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਨਾਲ ਚੋਣ ਸਮਝਦਾਰੀ ਬਣਾ ਕੇ ਚੱਲਣ ਲਈ ਤਿਆਰ ਹੈ, ਹਾਲਾਂਕਿ ਕੇਰਲਾ ਵਿੱਚ ਉਹ ਕਾਂਗਰਸ ਨੂੰ ਟਕਰੇਗੀ, ਕਿਉਂਕਿ ਉਹ ਉੱਥੇ ਹਿੰਦੂਤਵੀ ਤਾਕਤਾਂ ਨਾਲ ਲੜਨ ਤੋਂ ਇਨਕਾਰੀ ਹੈ। ਕੇਰਲਾ ਵਿੱਚ ਕਾਂਗਰਸ ਵਿਚਾਰਧਾਰਕ ਤੌਰ ‘ਤੇ ਫਿਰਕੂ ਆਰ ਐੱਸ ਐੱਸ ਤੇ ਭਾਜਪਾ ਵਿਰੁੱਧ ਲੜਾਈ ਵਿੱਚ ਕਮਜ਼ੋਰ ਪਾਈ ਗਈ ਹੈ, ਜਿਸ ਨੂੰ ਲੋਕਾਂ ‘ਚ ਉਜਾਗਰ ਕੀਤਾ ਜਾਵੇਗਾ। ਤਿਰੁਅਨੰਤਪੁਰਮ ਵਿੱਚ ਹੋਈ ਪਾਰਟੀ ਦੀ ਕੇਂਦਰੀ ਕਮੇਟੀ ਦੀ ਤਿੰਨ ਦਿਨਾ ਮੀਟਿੰਗ, ਜਿਹੜੀ ਐਤਵਾਰ ਸਮਾਪਤ ਹੋਈ, ਵਿੱਚ ਫੈਸਲਾ ਕੀਤਾ ਗਿਆ ਕਿ ਪਾਰਟੀ ਭਾਜਪਾ ਤੇ ਉਸ ਦੇ ਇਤਿਹਾਦੀਆਂ ਨੂੰ ਹਰਾਉਣ ਲਈ ਡੀ ਐੱਮ ਕੇ ਤੇ ਉਸ ਦੇ ਇਤਿਹਾਦੀਆਂ ਨਾਲ ਮਿਲ ਕੇ ਲੜੇਗੀ। ਉਹ ਆਸਾਮ ਤੇ ਪੁਡੂਚੇਰੀ ਵਿੱਚ ਵੀ ਕਾਂਗਰਸ ਨਾਲ ਹੱਥ ਮਿਲਾਉਣ ਦੀ ਇੱਛੁਕ ਹੈ।
ਪੱਛਮੀ ਬੰਗਾਲ ਦੇ ਮਾਮਲੇ ਵਿੱਚ ਪਾਰਟੀ ਨੇ ਭਾਜਪਾ ਤੇ ਤ੍ਰਿਣਮੂਲ ਖਿਲਾਫ ਸਾਂਝੀ ਲੜਾਈ ਦਾ ਫੈਸਲਾ ਉਦੋਂ ਕੀਤਾ ਹੈ, ਜਦੋਂ ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਸ਼ੁਭੰਕਰ ਸਰਕਾਰ ਨੇ ਖੱਬੇ ਮੁਹਾਜ਼ ਨਾਲ ਗੱਠਜੋੜ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਹੈ ਕਿ ਪਹਿਲਾਂ ਕੀਤੇ ਗੱਠਜੋੜ ਨਾਲ ਕਾਂਗਰਸ ਨੂੰ ਫਾਇਦਾ ਨਹੀਂ ਹੋਇਆ।
ਕਾਂਗਰਸ ਤੇ ਖੱਬੇ ਮੁਹਾਜ਼ ਨੇ 2016 ਤੇ 2021 ਦੀਆਂ ਅਸੈਂਬਲੀ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਗੱਠਜੋੜ ਕੀਤਾ ਸੀ। 2016 ਵਿੱਚ ਕਾਂਗਰਸ ਨੇ 44 ਤੇ ਸੀ ਪੀ ਆਈ (ਐੱਮ) ਨੇ 26 ਸੀਟਾਂ ਜਿੱਤੀਆਂ ਸਨ। 2021 ਵਿੱਚ ਦੋਹਾਂ ਪਾਰਟੀਆਂ ਨੂੰ ਕੋਈ ਸੀਟ ਨਹੀਂ ਮਿਲੀ ਸੀ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ਇੱਕ ਸੀਟ ਜਿੱਤ ਸਕੀ ਸੀ ਤੇ ਸੀ ਪੀ ਆਈ (ਐੱਮ) ਇੱਕ ਵੀ ਨਹੀਂ। 2019 ਦੀਆਂ ਲੋਕ ਸਭਾ ਚੋਣਾਂ ਦੋਹਾਂ ਨੇ ਅੱਡ-ਅੱਡ ਲੜੀਆਂ ਸਨ। ਕਾਂਗਰਸ ਨੇ ਦੋ ਸੀਟਾਂ ਜਿੱਤੀਆਂ ਸਨ, ਜਦਕਿ ਸੀ ਪੀ ਆਈ (ਐੱਮ) ਨੂੰ ਕੋਈ ਸੀਟ ਨਹੀਂ ਮਿਲੀ ਸੀ।





