ਘਰ ‘ਚ ਨਮਾਜ਼ ਪੜ੍ਹਨੀ ਵੀ ਗੁਨਾਹ!

0
22

ਯੂ ਪੀ ਦੇ ਬਰੇਲੀ ਜ਼ਿਲ੍ਹੇ ਦੇ ਪਿੰਡ ਮੁਹੰਮਦਗੰਜ ਵਿੱਚ ਖਾਲੀ ਪਏ ਘਰ ‘ਚ ਕੁਝ ਲੋਕਾਂ ਦੇ ਨਮਾਜ਼ ਪੜ੍ਹਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ 12 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਦਾ ਕਹਿਣਾ ਹੈ ਕਿ ਲੋਕਾਂ ਤੋਂ ਸ਼ਿਕਾਇਤ ਮਿਲੀ ਸੀ ਕਿ ਹਸੀਨ ਖਾਨ ਦੇ ਖਾਲੀ ਪਏ ਘਰ ਨੂੰ ਕਈ ਹਫਤਿਆਂ ਤੋਂ ਆਰਜ਼ੀ ਮਦਰੱਸੇ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਬਿਨਾਂ ਲਿਖਤੀ ਮਨਜ਼ੂਰੀ ਦੇ ਸਮੂਹਕ ਧਾਰਮਕ ਸਰਗਰਮੀ ਕੀਤੀ ਜਾ ਰਹੀ ਹੈ।
ਟਰੇਨ ਵਿੱਚ, ਹਵਾਈ ਅੱਡੇ ‘ਤੇ, ਸੜਕ ‘ਤੇ, ਸਟੇਸ਼ਨ ‘ਤੇ ਨਮਾਜ਼ ਪੜ੍ਹਨ ਖਿਲਾਫ ਐੱਫ ਆਈ ਆਰ ਦਰਜ ਕਰਨੀ ਤਾਂ ਪਿਛਲੇ ਇੱਕ ਦਹਾਕੇ ਤੋਂ ਆਮ ਹੈ, ਪਰ ਪਹਿਲੀ ਵਾਰ ਹੈ ਕਿ ਘਰ ਵਿੱਚ ਨਮਾਜ਼ ਪੜ੍ਹਨ ‘ਤੇ ਵੀ ਐੱਫ ਆਈ ਆਰ ਦਰਜ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਿਰਫ ਅਮਨ ਕਾਇਮ ਰੱਖਣ ਲਈ ਕੀਤੀ ਗਈ ਹੈ, ਨਾ ਕਿ ਕਿਸੇ ਧਰਮ ਦੇ ਖਿਲਾਫ। ਹਾਲਾਂਕਿ ਪੁਲਸ ਨੇ ਇਹ ਨਹੀਂ ਦੱਸਿਆ ਕਿ ਨਮਾਜ਼ੀਆਂ ਨੇ ਕਿਵੇਂ ਅਮਨ ਭੰਗ ਕੀਤਾ? ਇਹ ਵੀ ਨਹੀਂ ਦੱਸਿਆ ਕਿ ਕੀ ਉਨ੍ਹ੍ਹਾਂ ਕਿਸੇ ਖਿਲਾਫ ਕੋਈ ਉਕਸਾਵੇ ਵਾਲੀ ਗੱਲ ਕਹੀ? ਕੀ ਪੁਲਸ ਕੋਲ ਸ਼ਿਕਾਇਤ ਕਰ ਦੇਣਾ ਹੀ ਅਮਨ ਭੰਗ ਕਰਨ ਦੇ ਦਾਇਰੇ ਵਿੱਚ ਆ ਜਾਂਦਾ ਹੈ?
ਭਾਜਪਾ ਸ਼ਾਸਤ ਰਾਜਾਂ ਵਿੱਚ ਸਿਰਫ ਮੁਸਲਮਾਨਾਂ ਦੀ ਧਾਰਮਕ ਸਰਗਰਮੀ ਨੂੰ ਅਮਨ ਲਈ ਖਤਰਾ ਮੰਨਿਆ ਜਾਂਦਾ ਹੈ। ਹੋਰਨਾਂ ਧਰਮਾਂ ਦੇ ਲੋਕ ਬਿਨਾਂ ਆਗਿਆ ਲਏ ਸੜਕਾਂ ‘ਤੇ ਵੱਡੇ-ਵੱਡੇ ਆਯੋਜਨ ਕਰਦੇ ਹਨ, ਘਰਾਂ ਵਿੱਚ ਵੱਡੇ-ਵੱਡੇ ਆਯੋਜਨ ਕਰਦੇ ਹਨ, ਪਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਕਿਸੇ ਇੱਕ ਧਰਮ ਦੇ ਪੈਰੋਕਾਰਾਂ ਖਿਲਾਫ ਹੀ ਕਾਰਵਾਈਆਂ ਕਰਨ ਨਾਲ ਦੇਸ਼ ਦੇ ਧਰਮ ਨਿਰਪੱਖ ਚਰਿੱਤਰ ‘ਤੇ ਡੂੰਘੀ ਸੱਟ ਵੱਜ ਰਹੀ ਹੈ। ਇਸ ਖਿਲਾਫ ਭਾਵੇਂ ਦੇਸ਼ ਵਿੱਚ ਪ੍ਰਤੀਕਿਰਿਆ ਨਹੀਂ ਹੋ ਰਹੀ, ਪਰ ਮੁਸਲਮ ਬਹੁਗਿਣਤੀ ਵਾਲੇ ਬੰਗਲਾਦੇਸ਼ ਵਿੱਚ ਤਿੱਖੀ ਪ੍ਰਤੀਕਿਰਿਆ ਹੋ ਰਹੀ ਹੈ, ਜਿੱਥੇ ਆਏ ਦਿਨ ਹਿੰਦੂਆਂ ਨੂੰ ਮਾਰਨ ਤੇ ਸਾੜਨ ਦੀਆਂ ਰਿਪੋਰਟਾਂ ਆ ਰਹੀਆਂ ਹਨ। ਪੱਛਮੀ ਦੇਸ਼ਾਂ ਵਿੱਚ ਭਾਰਤੀਆਂ ਖਿਲਾਫ ਨਫਰਤ ਵਧਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਹਾਕਮਾਂ ਨੂੰ ਸਮਝਣਾ ਚਾਹੀਦਾ ਹੈ ਕਿ ਫਿਰਕੂ ਧਰੁਵੀਕਰਨ ਨੇ ਦੇਸ਼ ਤੇ ਇਸ ਦੇ ਲੋਕਾਂ ਦਾ ਦੁਨੀਆ ਵਿੱਚ ਅਕਸ ਖਰਾਬ ਹੀ ਕਰਨਾ ਹੈ।