ਅਸ਼ਲੀਲ ਹਰਕਤਾਂ ਦੇ ਦੋਸ਼ ’ਚ ਡੀ ਜੀ ਪੀ ਮੁਅੱਤਲ

0
22

ਬੰਗਲੁਰੂ : ਕਰਨਾਟਕ ਸਰਕਾਰ ਨੇ ਡੀ ਜੀ ਪੀ (ਸਿਵਲ ਰਾਈਟਸ ਐਨਫੋਰਸਮੈਂਟ) ਕੇ. ਰਾਮਚੰਦਰਨ ਰਾਓ ਨੂੰ ਆਪਣੇ ਦਫ਼ਤਰ ਅੰਦਰ ਇੱਕ ਔਰਤ ਨਾਲ ਅਣਉਚਿਤ ਵਿਹਾਰ ਕਰਦਿਆਂ ਦਾ ਇਕ ਵੀਡੀਓ ਵਾਇਰਲ ਹੋਣ ਮਗਰੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਸਿੱਧਰਮਈਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਇਹ ਉੱਚ ਪੁਲਸ ਅਧਿਕਾਰੀ ਹਰਸ਼ਵਰਧਿਨੀ ਰਾਣਿਆ ਉਰਫ ਰਾਣਿਆ ਰਾਓ ਦਾ ਮਤਰੇਆ ਪਿਤਾ ਹੈ, ਜਿਸ ਨੂੰ ਸੋਨੇ ਦੀ ਤਸਕਰੀ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਇਸ ਸਮੇਂ ਬੰਗਲੁਰੂ ਸੈਂਟਰਲ ਜੇਲ੍ਹ ਵਿੱਚ ਬੰਦ ਹੈ। ਅਮਲਾ ਅਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਜਾਰੀ ਕੀਤੇ ਗਏ ਵਿਸਤਿ੍ਰਤ ਮੁਅੱਤਲੀ ਆਦੇਸ਼ ਵਿੱਚ ਸਰਕਾਰ ਨੇ ਕਾਰਵਾਈ ਦੇ ਆਧਾਰ ਵਜੋਂ ‘ਜਨਤਕ ਨਿਊਜ਼ ਚੈਨਲਾਂ ਅਤੇ ਮੀਡੀਆ ਪਲੇਟਫਾਰਮਾਂ ’ਤੇ ਵਿਆਪਕ ਤੌਰ ’ਤੇ ਪ੍ਰਸਾਰਿਤ’ ਵੀਡੀਓ ਅਤੇ ਨਿਊਜ਼ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਰਾਓ ਦਾ ਆਚਰਣ, ਜਿਵੇਂ ਕਿ ਕਲਿੱਪਾਂ ਵਿੱਚ ਦੇਖਿਆ ਗਿਆ ਹੈ, ‘ਅਸ਼ਲੀਲ’ ਸੀ, ਇੱਕ ਸਰਕਾਰੀ ਕਰਮਚਾਰੀ ਦੇ ਅਨੁਕੂਲ ਨਹੀਂ ਸੀ ਅਤੇ ਇਸ ਕਾਰਨ ਸੂਬਾ ਸਰਕਾਰ ਨੂੰ ਸ਼ਰਮਿੰਦਗੀ ਝੱਲਣੀ ਪਈ ਹੈ। ਮੁਅੱਤਲੀ ਦੇ ਅਰਸੇ ਦੌਰਾਨ ਰਾਓ ਨੂੰ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਦਿੱਤਾ ਜਾਵੇਗਾ ਅਤੇ ਰਾਜ ਸਰਕਾਰ ਦੀ ਲਿਖਤੀ ਇਜਾਜ਼ਤ ਤੋਂ ਬਿਨਾਂ ਹੈੱਡਕੁਆਰਟਰ ਛੱਡਣ ਦੀ ਆਗਿਆ ਨਹੀਂ ਹੋਵੇਗੀ।