‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦਾ ਆਗਾਜ਼

0
13

ਮੁਹਾਲੀ
(ਗੁਰਜੀਤ ਬਿੱਲਾ, �ਿਸ਼ਨ ਗਰਗ)
ਇੱਥੋਂ ਦੇ ਫੇਜ਼ ਅੱਠ ਦੇ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵਨ ਦੇ ਆਡੀਟੋਰੀਅਮ ਵਿੱਚ ਵੀਰਵਾਰ ਨੂੰ ਪੰਜਾਬ ਦੇ ਹਰ ਵਰਗ ਲਈ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਆਗਾਜ਼ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸਕੀਮ ਦੇ ਲਾਭਪਾਤਰੀਆਂ ਨੂੰ ਕਾਰਡ ਵੰਡ ਕੇ ਇਸ ਸਕੀਮ ਦਾ ਆਰੰਭ ਕੀਤਾ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਿਧਾਇਕ ਅਤੇ ਹੋਰ ਆਗੂਆਂ ਤੋਂ ਇਲਾਵਾ ਪਾਰਟੀ ਵਰਕਰ ਮੌਜੂਦ ਸਨ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ਦੇ 65 ਲੱਖ ਪਰਵਾਰਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ, ਜਿਸ ਤਹਿਤ ਰਾਜ ਦੇ ਤਿੰਨ ਕਰੋੜ ਵਸਨੀਕ ਬਿਨਾਂ ਕਿਸੇ ਪੈਸੇ ਤੋਂ ਪੰਜਾਬ ਦੇ ਕਿਸੇ ਵੀ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਵਿੱਚ ਆਪਣਾ ਮੁਫ਼ਤ ਇਲਾਜ ਕਰਵਾ ਸਕਣਗੇ। ਉਨ੍ਹਾ ਦੱਸਿਆ ਕਿ ਇਸ ਸਕੀਮ ਲਈ ਰਜਿਸਟਰੇਸ਼ਨ ਵੀਰਵਾਰ ਤੋਂ ਆਰੰਭ ਹੋ ਚੁੱਕੀ ਹੈ ਅਤੇ ਰਜਿਸਟਰੇਸ਼ਨ ਮੁਕੰਮਲ ਹੁੰਦਿਆਂ ਹੀ ਕੋਈ ਵੀ ਵਿਅਕਤੀ ਇਸ ਦਾ ਲਾਭ ਹਾਸਲ ਕਰ ਸਕੇਗਾ। ਉਨ੍ਹਾ ਦੱਸਿਆ ਕਿ ਇਸ ਸਕੀਮ ਵਿੱਚ ਵੱਖ-ਵੱਖ ਬਿਮਾਰੀਆਂ ਦੇ 2500 ਦੇ ਕਰੀਬ ਪੈਕੇਜ ਹਨ ਅਤੇ ਰਾਜ ਦੇ 95 ਫੀਸਦ ਹਸਪਤਾਲਾਂ ਨੂੰ ਸਕੀਮ ਲਈ ਸੂਚੀਬੱਧ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਹਸਪਤਾਲਾਂ ਨੂੰ 15 ਦਿਨਾਂ ਦੇ ਅੰਦਰ ਕੀਤੇ ਗਏ ਇਲਾਜ ਦੀ ਅਦਾਇਗੀ ਯੂਨਾਈਟਿਡ ਇੰਸ਼ੋਰੈਂਸ ਕੰਪਨੀ ਵੱਲੋਂ ਯਕੀਨੀ ਬਣਾਈ ਜਾਵੇਗੀ। ਉਨ੍ਹਾ ਕਿਹਾ ਕਿ ਸਕੀਮ ਦਿਲ, ਕਿਡਨੀ, ਗੋਡੇ ਬਦਲਣ, ਜੱਚਾ ਬੱਚਾ ਤੋਂ ਇਲਾਵਾ ਹਰ ਤਰ੍ਹਾਂ ਦੇ ਇਲਾਜ ਲਈ ਉਪਲੱਬਧ ਹੋਵੇਗੀ। ਇਸ ਮੌਕੇ ਦੋਵਾਂ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ ਅਤੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਿਛਲੇ 75 ਸਾਲਾਂ ਤੋਂ ਵੱਧ ਕੰਮ ਚਾਰ ਸਾਲਾਂ ਵਿੱਚ ਕਰਨ ਦਾ ਦਾਅਵਾ ਕੀਤਾ। ਦੋਵਾਂ ਨੇ ਪੰਜਾਬ ਨੂੰ ਸਿਹਤ, ਸਿੱਖਿਆ ਪੱਖੋਂ ਹੋਰ ਅੱਗੇ ਵਧਾਉਣ ਅਤੇ ਨਸ਼ਿਆਂ ਤੇ ਗੈਂਗਸਟਰਾਂ ਤੋਂ ਮੁਕਤੀ ਦਿਵਾਉਣ ਦਾ ਵੀ ਯਕੀਨ ਦਿਵਾਇਆ। ਇਸ ਮੌਕੇ ਸਤੇਂਦਰ ਜੈਨ, ਡਾ. ਬਲਬੀਰ ਸਿੰਘ ਅਤੇ ਸੈਯਮ ਅਗਰਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ ਗਏ।