ਪ੍ਰਦੂਸ਼ਣ ਟੈਰਿਫ ਨਾਲੋਂ ਵੀ ਵੱਡਾ ਖਤਰਾ

0
15

ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਆਰਥਕ ਮੰਚ ਦੀ ਸਾਲਾਨਾ ਬੈਠਕ ਦੌਰਾਨ ਹਾਰਵਰਡ ਯੂਨੀਵਰਸਿਟੀ ਦੀ ਪੋ੍ਰਫੈਸਰ ਤੇ ਕੌਮਾਂਤਰੀ ਮਾਲੀ ਫੰਡ (ਆਈ ਐੱਮ ਐੱਫ) ਦੀ ਸਾਬਕਾ ਮੁੱਖ ਅਰਥ-ਸ਼ਾਸਤਰੀ ਗੀਤਾ ਗੋਪੀਨਾਥ ਨੇ ਇਹ ਗੰਭੀਰ ਚਿਤਾਵਨੀ ਦਿੱਤੀ ਹੈ ਕਿ ਪ੍ਰਦੂਸ਼ਣ ਭਾਰਤ ਦੀ ਅਰਥ ਵਿਵਸਥਾ ਲਈ ਟੈਰਿਫ ਤੋਂ ਕਿਤੇ ਵੱਡਾ ਖਤਰਾ ਹੈ। ਪ੍ਰਦੂਸ਼ਣ ਨਾ ਸਿਰਫ ਸਿਹਤ ਨੂੰ ਨੁਕਸਾਨ ਪਹੁੰਚਾਉਦਾ ਹੈ, ਸਗੋਂ ਉਤਪਾਦਕਤਾ, ਸਿਹਤ ਦੇਖਭਾਲ ਲਾਗਤ ਤੇ ਪੂਰੀਆਂ ਆਰਥਕ ਸਰਗਰਮੀਆਂ ’ਤੇ ਭਾਰੀ ਅਸਰ ਪਾਉਦਾ ਹੈ। ਭਾਰਤ ਵਿੱਚ ਪ੍ਰਦੂਸ਼ਣ ਕਰਕੇ ਹਰ ਸਾਲ ਲੱਖਾਂ ਮੌਤਾਂ ਹੁੰਦੀਆਂ ਹਨ। ਨਵੇਂ ਕਾਰੋਬਾਰ ਤੇ ਨਿਵੇਸ਼ ਦੇ ਚਰਚਿਆਂ ਵਿੱਚ ਅਕਸਰ ਵਪਾਰ, ਟੈਰਿਫ ਤੇ ਨਿਯਮਾਂ ’ਤੇ ਧਿਆਨ ਕੇਂਦਰਤ ਕੀਤਾ ਜਾਂਦਾ ਹੈ, ਪਰ ਪ੍ਰਦੂਸ਼ਣ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ, ਜਿਹੜਾ ਕਿ ਉਸ ਨੂੰ ਮਿਲਣਾ ਚਾਹੀਦਾ ਹੈ। ਜਦੋਂ ਭਾਰਤ ਖੁਦ ਨੂੰ ਵਿਸ਼ਵ ਆਰਥਕ ਤੇ ਮੈਨੂੰਫੈਕਚਰਿੰਗ ਕੇਂਦਰ ਦੇ ਰੂਪ ਵਿੱਚ ਸਥਾਪਤ ਕਰ ਰਿਹਾ ਹੈ, ਤਦ ਸਵੱਛ ਸ਼ਹਿਰ, ਸਿਹਤ ਜੀਵਨ ਸਥਿਤੀਆਂ ਤੇ ਨਿਵੇਸ਼ਕਾਂ ਦਾ ਭਰੋਸਾ ਬਣਾਈ ਰੱਖਣ ਲਈ ਪ੍ਰਦੂਸ਼ਣ ’ਤੇ ਕੰਟਰੋਲ ਬੇਹੱਦ ਜ਼ਰੂਰੀ ਹੈ।
ਗੀਤਾ ਗੋਪੀਨਾਥ ਨੇ ਇਹ ਚਿਤਾਵਨੀ ਉਦੋਂ ਦਿੱਤੀ ਹੈ, ਜਦੋਂ ਭਾਰਤ ਵਿਸ਼ਵ ਪੱਧਰ ’ਤੇ ਤੇਜ਼ੀ ਨਾਲ ਉੱਭਰ ਰਹੀ ਅਰਥ-ਵਿਵਸਥਾ ਦੇ ਰੂਪ ਵਿੱਚ ਚਰਚਾ ’ਚ ਹੈ, ਪਰ ਹਵਾ ਪ੍ਰਦੂਸ਼ਣ ਤੇ ਚੌਗਿਰਦਾ ਚੁਣੌਤੀਆਂ ਦੇਸ਼ ਅੱਗੇ ਇੱਕ ਵੱਡੀ ਰੁਕਾਵਟ ਬਣੀਆਂ ਹੋਈਆਂ ਹਨ। ਭਾਰਤ ਦੀਆਂ ਸੜਕਾਂ, ਕਾਰਖਾਨਿਆਂ ਤੇ ਖੇਤਾਂ ਵਿੱਚੋਂ ਉਠਦਾ ਧੂੰਆਂ ਹਰ ਸਾਲ ਲੱਖਾਂ ਜ਼ਿੰਦਗੀਆਂ ਨਿਗਲ ਰਿਹਾ ਹੈ। ਵਿਸ਼ਵ ਬੈਂਕ ਦੀ 2022 ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਭਾਰਤ ਵਿੱਚ ਪ੍ਰਦੂਸ਼ਣ ਕਰਕੇ ਹਰ ਸਾਲ ਲਗਭਗ 17 ਲੱਖ ਮੌਤਾਂ ਹੁੰਦੀਆਂ ਹਨ, ਜਿਹੜੀਆਂ ਦੇਸ਼ ਦੀਆਂ ਕੁਲ ਮੌਤਾਂ ਦਾ ਕਰੀਬ 18 ਫੀਸਦੀ ਹੈ। ਇਸ ਨਾਲ ਪਰਵਾਰਾਂ, ਕਾਮਾ-ਸ਼ਕਤੀ ਤੇ ਲੰਮੇ ਸਮੇਂ ਲਈ ਵਿਕਾਸ ’ਤੇ ਭਾਰੀ ਆਰਥਕ ਬੋਝ ਪੈਂਦਾ ਹੈ। ਵੱਖ-ਵੱਖ ਰਿਪੋਰਟਾਂ ਦੱਸਦੀਆਂ ਹਨ ਕਿ ਪ੍ਰਦੂਸ਼ਣ ਕਰਕੇ ਕੁਲ ਘਰੇਲੂ ਪੈਦਾਵਾਰ (ਜੀ ਡੀ ਪੀ) ਵਿੱਚ 0.5 ਫੀਸਦੀ ਦੀ ਕਮੀ ਆ ਸਕਦੀ ਹੈ। ਪ੍ਰਦੂਸ਼ਣ ਨਾਲ ਜੰਗੀ ਪੱਧਰ ’ਤੇ ਲੜਨ ਦੀ ਲੋੜ ਹੈ, ਕਿਉਕਿ ਸਵੱਛ ਹਵਾ ਨਾ ਮਿਲੀ ਤਾਂ ਭਾਰਤ ਦਾ ਵਿਸ਼ਵ ਆਰਥਕ ਸ਼ਕਤੀ ਬਣਨ ਦਾ ਸੁਫਨਾ ਧੰੁਦਲਾ ਪੈ ਜਾਵੇਗਾ। ਸ਼ਹਿਰਾਂ ਵਿੱਚ ਧੁੰਦ ਛਾਈ ਰਹਿੰਦੀ ਹੈ, ਬੱਚੇ ਸਕੂਲ ਜਾਣ ਵੇਲੇ ਮਾਸਕ ਲਾਉਦੇ ਹਨ ਅਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਦੀ ਹੈ। ਇਹ ਸਭ ਇੱਕ ਵੱਡਾ ਸੰਕਟ ਹੈ। ਸਵੱਛ ਊਰਜਾ ਅਪਨਾਉਣ ਅਤੇ ਸਖਤ ਨੀਤੀਆਂ ਲਾਗੂ ਕਰਨ ਨਾਲ ਹੀ ਇਹ ਸੰਕਟ ਟਾਲਿਆ ਜਾ ਸਕਦਾ ਹੈ। ਸਵੱਛ ਹਵਾ ਨਾਲ ਨਾ ਸਿਰਫ ਜ਼ਿੰਦਗੀਆਂ ਬਚਣਗੀਆਂ, ਅਰਥ-ਵਿਵਸਥਾ ਮਜ਼ਬੂਤ ਹੋਵੇਗੀ, ਉਤਪਾਦਕਤਾ ਵਧੇਗੀ ਤੇ ਨਿਵੇਸ਼ ਆਵੇਗਾ। ਪ੍ਰਦੂਸ਼ਣ ਖਿਲਾਫ ਲੜਾਈ ਹੁਣ ਕੋਈ ਪਰਿਆਵਰਣ ਦਾ ਮੁੱਦਾ ਨਹੀਂ, ਸਗੋਂ ਆਰਥਕ ਭਵਿੱਖ ਦੀ ਲੜਾਈ ਹੈ। ਇਸ ਅਦਿ੍ਰਸ਼ ਦੁਸ਼ਮਣ ਨੂੰ ਹਰਾ ਕੇ ਹੀ ਵਿਕਾਸ ਦੀ ਨਵੀਂ ਕਹਾਣੀ ਲਿਖ ਹੋਵੇਗੀ।