ਵਿਆਹ ਦੌਰਾਨ ਆਤਮਘਾਤੀ ਹਮਲਾ, 5 ਮੌਤਾਂ, 10 ਜ਼ਖ਼ਮੀ

0
16

ਪੇਸ਼ਾਵਰ : ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਸ਼ੁੱਕਰਵਾਰ ਰਾਤੀਂ ਵਿਆਹ ਸਮਾਗਮ ਦੌਰਾਨ ਆਤਮਘਾਤੀ ਹਮਲੇ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ। ਆਤਮਘਾਤੀ ਬੰਬ ਧਮਾਕਾ ਸ਼ਾਂਤੀ ਕਮੇਟੀ ਮੈਂਬਰ ਦੀ ਰਿਹਾਇਸ਼ ’ਤੇ ਹੋਇਆ। ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਜ਼ਿਲ੍ਹਾ ਪੁਲਸ ਅਧਿਕਾਰੀ ਸੱਜਾਦ ਅਹਿਮਦ ਸਾਹਿਬਜ਼ਾਦਾ ਨੇ ਪੁਸ਼ਟੀ ਕੀਤੀ ਕਿ ਇਹ ਇੱਕ ਆਤਮਘਾਤੀ ਬੰਬ ਧਮਾਕਾ ਸੀ, ਜੋ ਕੁਰੈਸ਼ੀ ਮੋੜ ਨੇੜੇ ਸ਼ਾਂਤੀ ਕਮੇਟੀ ਦੇ ਮੁਖੀ ਨੂਰ ਆਲਮ ਮਹਿਸੂਦ ਦੇ ਘਰ ’ਤੇ ਇੱਕ ਵਿਆਹ ਸਮਾਰੋਹ ਦੌਰਾਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹਮਲਾ ਹੋਇਆ ਤਾਂ ਮਹਿਮਾਨ ਨੱਚ-ਟੱਪ ਰਹੇ ਸਨ। ਧਮਾਕੇ ਕਾਰਨ ਕਮਰੇ ਦੀ ਛੱਤ ਡਿੱਗ ਗਈ, ਜਿਸ ਨਾਲ ਬਚਾਅ ਕਾਰਜਾਂ ਵਿੱਚ ਰੁਕਾਵਟ ਆਈ ਅਤੇ ਮਲਬੇ ਹੇਠ ਫਸੇ ਲੋਕਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ। ਬਚਾਅ ਕਾਰਜਾਂ ਦੇ ਬੁਲਾਰੇ ਬਿਲਾਲ ਅਹਿਮਦ ਫੈਜ਼ੀ ਨੇ ਕਿਹਾ ਕਿ 5 ਲਾਸ਼ਾਂ ਅਤੇ 10 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸ਼ਾਂਤੀ ਕਮੇਟੀ ਦਾ ਆਗੂ ਵਹੀਦੁੱਲਾ ਮਹਿਸੂਦ ਉਰਫ਼ ਜਿਗਰੀ ਮਹਿਸੂਦ ਮਿ੍ਰਤਕਾਂ ਵਿੱਚ ਸ਼ਾਮਲ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸੂਬੇ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਤੋਂ ਰਿਪੋਰਟ ਮੰਗੀ ਹੈ।