ਨਿਊ ਯਾਰਕ : ਅਮਰੀਕਾ ਦੇ ਜਾਰਜੀਆ ਰਾਜ ਵਿੱਚ ਇੱਕ ਭਾਰਤੀ ਮੂਲ ਦੇ 51 ਸਾਲਾ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਆਪਣੀ ਪਤਨੀ ਤੇ 3 ਰਿਸ਼ਤੇਦਾਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਸ਼ੱਕੀ ਦੋਸ਼ੀ ਵਿਜੇ ਕੁਮਾਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇਹ ਪੂਰਾ ਮਾਮਲਾ ਪਰਵਾਰਕ ਝਗੜੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਅਟਲਾਂਟਾ ਵਿੱਚ ਭਾਰਤੀ ਕੌਂਸਲੇਟ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਸੰਵੇਦਨਾ ਜ਼ਾਹਰ ਕੀਤੀ ਹੈ। ਸਥਾਨਕ ਮੀਡੀਆ ਅਨੁਸਾਰ ਲਾਰੈਂਸਵਿਲੇ ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ ਵਾਪਰੀ ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਸ ਮੌਕੇ ਤਿੰਨ ਬੱਚੇ ਵੀ ਘਰ ’ਚ ਮੌਜੂਦ ਸਨ। ਗਵਿਨੇਟ ਕਾਉਂਟੀ ਪੁਲਸ ਮੁਤਾਬਕ ਮਿ੍ਰਤਕਾਂ ਦੀ ਪਛਾਣ ਵਿਜੇ ਕੁਮਾਰ ਦੀ ਪਤਨੀ ਮੀਮੂ ਡੋਗਰਾ(43), ਗੌਰਵ ਕੁਮਾਰ (33), ਨਿਧੀ ਚੰਦਰ (37) ਅਤੇ ਹਰੀਸ਼ ਚੰਦਰ (38) ਵਜੋਂ ਹੋਈ ਹੈ। ਸ਼ੱਕੀ ’ਤੇ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਤਿੰਨ ਬੱਚੇ ਉੱਥੇ ਮੌਜੂਦ ਸਨ, ਜੋ ਖ਼ੁਦ ਨੂੰ ਬਚਾਉਣ ਲਈ ਇੱਕ ਅਲਮਾਰੀ ਵਿੱਚ ਲੁਕ ਗਏ। ਤਫ਼ਤੀਸ਼ਕਾਰਾਂ ਨੇ ਕਿਹਾ ਕਿ ਬੱਚਿਆਂ ਵਿੱਚੋਂ ਇੱਕ ਨੇ 911 ’ਤੇ ਕਾਲ ਕੀਤੀ, ਜਿਸ ਨਾਲ ਅਧਿਕਾਰੀ ਮਿੰਟਾਂ ਵਿੱਚ ਹੀ ਘਟਨਾ ਸਥਾਨ ’ਤੇ ਪਹੁੰਚ ਗਏ। ਬੱਚੇ ਸੁਰੱਖਿਅਤ ਹਨ।





