ਅਮਰੀਕੀ ਇਮੀਗ੍ਰੇਸ਼ਨ ਏਜੰਟਾਂ ਨੇ ਇੱਕ ਹੋਰ ਵਿਅਕਤੀ ਮਾਰਿਆ

0
13

ਮਿਨੀਆਪੋਲਿਸ : ਅਮਰੀਕਾ ਦੇ ਇਮੀਗ੍ਰੇਸ਼ਨ ਏਜੰਟਾਂ ਨੇ ਮਿਨੀਆਪੋਲਿਸ ਵਿੱਚ ਚੱਲ ਰਹੀ ਇਮੀਗ੍ਰੇਸ਼ਨ ਲਾਗੂ ਕਰਨ ਦੀ ਮੁਹਿੰਮ ਦੌਰਾਨ ਇੱਕ ਹੋਰ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਸ਼ਹਿਰ ਤੋਂ ਭਾਰੀ ਹਥਿਆਰਬੰਦ ਕੇਂਦਰੀ ਬਲਾਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਹੈ। ਮਿਨੀਆਪੋਲਿਸ ਪੁਲਸ ਮੁਖੀ ਬ੍ਰਾਇਨ ਓਹਾਰਾ ਨੇ ਪੁਸ਼ਟੀ ਕੀਤੀ ਕਿ ਇੱਕ 37 ਸਾਲਾ ਅਮਰੀਕੀ ਵਿਅਕਤੀ ਨੂੰ ਕਈ ਗੋਲੀਆਂ ਲੱਗੀਆਂ ਤੇ ਹਸਪਤਾਲ ਲਿਜਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਹ ਗੋਲੀਬਾਰੀ ਮਿਨੀਆਪੋਲਿਸ ਵਿੱਚ ਅਮਰੀਕੀ ਇਮੀਗ੍ਰੇਸ਼ਨ ਐਨਫੋਰਸਮੈਂਟ ਅਤੇ ਹੋਰ ਫੈਡਰਲ ਏਜੰਟਾਂ ਦੀ ਛਾਪੇਮਾਰੀ ਦੌਰਾਨ ਹੋਈ। ਇਹ ਇੱਥੇ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ’ਤੇ ਸ਼ਿਕੰਜਾ ਕੱਸ ਰਹੇ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜਿਸ ਨੂੰ ਗੋਲੀ ਮਾਰੀ ਗਈ, ਉਹ ਹੈਂਡਗਨ ਲੈ ਕੇ ਜਵਾਨਾਂ ਵੱਲ ਵਧ ਰਿਹਾ ਸੀ ਤੇ ਜਦੋਂ ਉਸ ਨੂੰ ਬੇਹਥਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਹਿੰਸਕ ਹੋ ਗਿਆ। ਮੌਕੇ ਦੀਆਂ ਵੀਡੀਓ ਗ੍ਰਹਿ ਮੰਤਰਾਲੇ ਦੇ ਬਿਆਨ ਨੂੰ ਝੁਠਲਾਉਦੀਆਂ ਹਨ। ਇੱਕ ਵੀਡੀਓ ਮੁਤਾਬਕ ਅਲੈਕਸ ਪਰੈਟੀ ਦੇ ਹੱਥ ਵਿੱਚ ਫੋਨ ਸੀ, ਬੰਦੂਕ ਨਹੀਂ ਅਤੇ ਉਹ ਇਮੀਗ੍ਰੇਸ਼ਨ ਵੱਲੋਂ ਭੁੰਜੇ ਸੁੱਟੇ ਲੋਕਾਂ ਦੀ ਮਦਦ ਲਈ ਬਹੁੜਿਆ ਸੀ। ਜਦੋਂ ਇੱਕ ਏਜੰਟ ਨੇ ਇੱਕ ਮਹਿਲਾ ਨੂੰ ਪਾਸੇ ਧੱਕ ਕੇ ਇੱਕ ਹੋਰ ਬੰਦੇ ਨੂੰ ਭੁੰਜੇ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪਰੈਟੀ ਨੇ ਉਸ ਦੀ ਵੀਡੀਓ ਬਣਾਈ। ਪਰੈਟੀ ਏਜੰਟ ਤੇ ਮਹਿਲਾ ਵਿਚਾਲੇ ਆਇਆ ਤੇ ਖੁਦ ਨੂੰ ਬਚਾਉਣ ਲਈ ਖੱਬੀ ਬਾਂਹ ਉੱਤੇ ਚੁੱਕੀ ਅਤੇ ਏਜੰਟ ਵੱਲੋਂ ਮਿਰਚ ਪਾਊਡਰ ਦਾ ਸਪਰੇਅ ਕਰਨ ’ਤੇ ਉਹ ਪਾਸੇ ਹੋ ਗਿਆ। ਪਰੈਟੀ ਨੇ ਫਿਰ ਮਹਿਲਾ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਏਜੰਟਾਂ ਨੇ ਦਬੋਚ ਕੇ ਗੋਡਿਆਂ ਪਰਨੇ ਕਰ ਲਿਆ। ਇਸ ਤੋਂ ਬਾਅਦ ਇੱਕ ਅਫਸਰ ਨੇ ਉਸ ਦੀ ਪਿੱਠ ’ਤੇ ਚਾਰ ਗੋਲੀਆਂ ਮਾਰ ਦਿੱਤੀਆਂ। ਪਰੈਟੀ ਇੱਕ ਹਸਪਤਾਲ ਵਿੱਚ ਇੰਟੈਸਿਵ ਕੇਅਰ ਨਰਸ ਦਾ ਕੰਮ ਕਰਦਾ ਸੀ।
ਮਿਨੇਸੋਟਾ ਦੇ ਗਵਰਨਰ ਟਿਮ ਵਾਜ਼ ਨੇ ਇਮੀਗ੍ਰੇਸ਼ਨ ਏਜੰਟਾਂ ਦੀ ਕਾਰਵਾਈ ’ਤੇ ਉਗਲ ਚੁੱਕੀ ਹੈ। ਉਨ੍ਹਾ ਮੰਗ ਕੀਤੀ ਹੈ ਕਿ ਟਰੰਪ ਇਮੀਗ੍ਰੇਸ਼ਨ ਏਜੰਟਾਂ ਤੋਂ ਅਜਿਹੀਆਂ ਕਾਰਵਾਈਆਂ ਕਰਾਉਣੀਆਂ ਬੰਦ ਕਰੇ। ਮਿਨੀਆਪੋਲਿਸ ਦੇ ਪੁਲਸ ਮੁਖੀ ਨੇ ਕਿਹਾ ਕਿ ਪਰੈਟੀ ਕੋਲ ਕਾਨੂੰਨ ਹਥਿਆਰ ਸੀ ਤੇ ਉਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ। ਮਿਨੀਆਪੋੋਲਿਸ ਦੇ ਮੇਅਰ ਜੈਕਬ ਫਰੇ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਹੋਰ ਕਿੰਨੇ ਅਮਰੀਕੀ ਮਰਵਾਉਣੇ ਤੇ ਜ਼ਖਮੀ ਕਰਨੇ ਹਨ?