ਭਾਰਤ ਦਾ ਯੂਰਪੀ ਯੂਨੀਅਨ ਨਾਲ ਵਪਾਰ ਸਮਝੌਤਾ ਸਹੀਬੰਦ, ਅਮਰੀਕਾ ਚਿੜ੍ਹਿਆ

0
10

ਨਵੀਂ ਦਿੱਲੀ : ਭਾਰਤ ਤੇ ਯੂਰਪੀ ਯੂਨੀਅਨ ਵਿਚਾਲੇ 18 ਸਾਲ ਦੀ ਲੰਮੀ ਗੱਲਬਾਤ ਤੋਂ ਬਾਅਦ ਮੰਗਲਵਾਰ ਮੁਕਤ ਵਪਾਰ ਸਮਝੌਤਾ (ਫਰੀ ਟਰੇਡ ਐਗਰੀਮੈਂਟਐੱਫ ਟੀ ਏ) ਹੋ ਗਿਆ। ਇਸ ਸਮਝੌਤੇ ਨੂੰ 2017 ਵਿੱਚ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸਮਝੌਤੇ ਤੋਂ ਬਾਅਦ ਬੀ ਐੱਮ ਡਬਲਿਊ, ਮਰਸਡੀਜ਼-ਬੈਂਜ਼, ਔਡੀ, ਪੋਰਸ਼, ਵੋਲਵੋ, ਫੌਕਸਵੈਗਨ, ਸਕੋਡਾ, ਲੈਂਬੋਰਗਿਨੀ ਅਤੇ ਫਰਾਰੀ ਵਰਗੀਆਂ ਯੂਰਪੀ ਕਾਰਾਂ ’ਤੇ ਲੱਗਣ ਵਾਲੇ 110 ਫੀਸਦੀ ਟੈਕਸ ਨੂੰ ਘਟਾ ਕੇ 10 ਫੀਸਦੀ ਕਰ ਦਿੱਤਾ ਜਾਵੇਗਾ। ਯੂਰਪੀ ਸ਼ਰਾਬ ਤੇ ਵਾਈਨ ’ਤੇ ਵੀ ਟੈਕਸ 150 ਫੀਸਦੀ ਤੋਂ ਘਟਾ ਕੇ 20-30 ਫੀਸਦੀ ਕੀਤਾ ਜਾਵੇਗਾ। ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ, ਜਦਕਿ ਯੂਰਪੀ ਯੂਨੀਅਨ ਦੂਜੀ ਸਭ ਤੋਂ ਵੱਡੀ। ਦੋਨੋਂ ਮਿਲਾ ਕੇ ਵਿਸ਼ਵ ਜੀ ਡੀ ਪੀ ਦਾ ਕਰੀਬ 25 ਫੀਸਦੀ ਤੇ ਦੁਨੀਆ ਦੇ ਕੁਲ ਵਪਾਰ ਦਾ ਲਗਪਗ ਇੱਕ-ਤਿਹਾਈ ਹਿੱਸਾ ਰੱਖਦੇ ਹਨ।
ਇਸੇ ਦੌਰਾਨ ਅਮਰੀਕੀ ਖਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਭਾਰਤ ਨਾਲ ਵਪਾਰ ਸਮਝੌਤੇ ’ਤੇ ਦਸਤਖਤ ਕਰਕੇ ਯੂਰਪੀ ਯੂਨੀਅਨ ਆਪਣੇ ਹੀ ਖਿਲਾਫ ਜੰਗ ਦਾ ਐਲਾਨ ਕਰ ਰਿਹਾ ਹੈ। ਬੇਸੈਂਟ ਨੇ ਚਿਤਾਵਨੀ ਦਿੱਤੀ ਹੈ ਕਿ ਯੂਰਪ, ਭਾਰਤ ਨਾਲ ਸਮਝੌਤਾ ਕਰ ਕੇ ਆਪਣੇ ਵਿਰੁੱਧ ਜੰਗ ਨੂੰ ਖੁਦ ਫੰਡ ਦੇ ਰਿਹਾ ਹੈ। ਸਕੌਟ ਬੇਸੈਂਟ ਨੇ ਕਿਹਾ, ‘ਯੂਰਪ ਨੇ ਰੂਸ ਨਾਲ ਸਿੱਧੇ ਊਰਜਾ ਸੰਬੰਧ ਕਾਫੀ ਹੱਦ ਤਕ ਖਤਮ ਕਰ ਦਿੱਤੇ ਹੋਣਗੇ, ਪਰ ਉਹ ਭਾਰਤ ਵਿੱਚ ਸੋਧੇ ਰੂਸੀ ਤੇਲ ਉਤਪਾਦ ਖਰੀਦ ਕੇ ਅਸਿੱਧੇ ਤੌਰ ’ਤੇ ਰੂਸ-ਯੂਕਰੇਨ ਜੰਗ ਨੂੰ ਫੰਡ ਦੇ ਰਿਹਾ ਹੈ, ਜਦੋਂ ਕਿ ਅਮਰੀਕਾ ਨੇ ਭਾਰਤ ’ਤੇ ਟੈਰਿਫ ਲਗਾਏ ਹਨ।’
ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ, ਜਦੋਂ ਅਮਰੀਕਾ ਵੱਲੋਂ ਹੋਰ ਦੇਸ਼ਾਂ ’ਤੇ ਭਾਰੀ ਟੈਕਸ ਲਾਏ ਜਾਣ ਕਾਰਨ ਵਿਸ਼ਵ ਵਪਾਰ ਪ੍ਰਭਾਵਤ ਹੋ ਰਿਹਾ ਹੈ। ਭਾਰਤ ਨੂੰ ਕਈ ਉਤਪਾਦਾਂ ’ਤੇ 50 ਫੀਸਦੀ ਤੱਕ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੇਂ ਸਮਝੌਤੇ ਨਾਲ ਭਾਰਤ ਚੀਨ ’ਤੇ ਨਿਰਭਰਤਾ ਵੀ ਘਟਾ ਸਕੇਗਾ। ਇਸੇ ਤਰ੍ਹਾਂ, ਯੂਰਪੀ ਯੂਨੀਅਨ ਨੂੰ ਵੀ ਅਮਰੀਕੀ ਟੈਰਿਫ ਦੇ ਖਤਰੇ ਤੋਂ ਨਿਜਾਤ ਮਿਲ ਸਕਦੀ ਹੈ।
ਮੋਦੀ ਨੇ ਭਾਰਤ ਤੇ ਯੂਰਪੀ ਯੂਨੀਅਨ ਵਿਚਾਲੇ ਵਪਾਰ ਸਮਝੌਤੇ ਨੂੰ ਇਤਿਹਾਸਕ ਮੀਲ ਪੱਥਰ ਅਤੇ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚਕਾਰ ਸਹਿਯੋਗ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇੰਡੀਆ ਐਨਰਜੀ ਵੀਕ ਦੇ ਚੌਥੇ ਐਡੀਸ਼ਨ ਦਾ ਵਰਚੁਅਲੀ ਉਦਘਾਟਨ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਸਮਝੌਤਾ ਭਾਰਤ ਦੇ 140 ਕਰੋੜ ਨਾਗਰਿਕਾਂ ਦੇ ਨਾਲ-ਨਾਲ ਯੂਰਪ ਭਰ ਦੇ ਲੱਖਾਂ ਲੋਕਾਂ ਲਈ ਵਿਸ਼ਾਲ ਮੌਕੇ ਖੋਲ੍ਹਣ ਦੀ ਉਮੀਦ ਹੈ। ਮੋਦੀ ਨੇ ਸਮਝੌਤੇ ਨੂੰ ਭਾਰਤ ਵੱਲੋਂ ਹੁਣ ਤੱਕ ਕੀਤੇ ਸਮਝੌਤਿਆਂ ਵਿੱਚੋਂ ‘ਸਭ ਸੌਦਿਆਂ ਦੀ ਮਾਂ’ ਕਰਾਰ ਦਿੱਤਾ ਹੈ।