ਪੁਣੇ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ (66) ਅਤੇ ਚਾਰ ਹੋਰ ਵਿਅਕਤੀਆਂ ਦੀ ਬੁੱਧਵਾਰ ਸਵੇਰੇ ਪੁਣੇ ਜ਼ਿਲ੍ਹੇ ਵਿੱਚ ਇੱਕ ਜਹਾਜ਼ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਜਹਾਜ਼ ਪੁਣੇ ਦੇ ਬਾਰਾਮਤੀ ਇਲਾਕੇ ਵਿੱਚ ਲੈਂਡ ਕਰ ਰਿਹਾ ਸੀ। ਪਵਾਰ ਉਸ ਜਹਾਜ਼ ਵਿੱਚ ਕਿਸੇ ਪ੍ਰੋਗਰਾਮ ਲਈ ਬਾਰਾਮਤੀ ਜਾ ਰਹੇ ਸਨ।
ਡੀ ਜੀ ਸੀ ਏ (ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿੱਚ ਪਵਾਰ ਦੇ ਨਿੱਜੀ ਸੁਰੱਖਿਆ ਅਧਿਕਾਰੀ, ਸਹਾਇਕ ਅਤੇ ਚਾਲਕ ਦਲ ਦੇ ਦੋ ਮੈਂਬਰ (ਪਾਇਲਟ ਇਨ-ਕਮਾਂਡ ਅਤੇ ਫਸਟ ਅਫਸਰ) ਸ਼ਾਮਲ ਸਨ। ਚਸ਼ਮਦੀਦਾਂ ਅਨੁਸਾਰ ਜਹਾਜ਼ ਹਵਾ ਵਿੱਚ ਹੀ ਅਸੰਤੁਲਤ ਦਿਖਾਈ ਦੇ ਰਿਹਾ ਸੀ ਅਤੇ ਜਿਵੇਂ ਹੀ ਰਨਵੇਅ ਨੇੜੇ ਪਹੁੰਚਿਆ, ਜ਼ੋਰਦਾਰ ਧਮਾਕੇ ਨਾਲ ਜ਼ਮੀਨ ’ਤੇ ਜਾ ਡਿੱਗਿਆ। ਇਕ ਮਹਿਲਾ ਚਸ਼ਮਦੀਦ ਨੇ ਦੱਸਿਆ ਕਿ ਜਹਾਜ਼ ਨੇ ਹਵਾਈ ਅੱਡੇ ਦੇ ਉੱਪਰ ਚੱਕਰ ਲਗਾਇਆ, ਪਰ ਲੈਂਡਿੰਗ ਵੇਲੇ ਇਹ ਟੇਢਾ ਹੋ ਕੇ ਜ਼ਮੀਨ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਲਗਾਤਾਰ ਚਾਰ-ਪੰਜ ਧਮਾਕੇ ਹੋਏ ਅਤੇ ਹਰ ਪਾਸੇ ਅੱਗ ਦੀਆਂ ਲਪਟਾਂ ਫੈਲ ਗਈਆਂ।
ਫਲਾਈਟ ਰਾਡਾਰ ਅਨੁਸਾਰ ਜਹਾਜ਼ ਨੇ ਸਵੇਰੇ 8:10 ਵਜੇ ਮੁੰਬਈ ਤੋਂ ਉਡਾਣ ਭਰੀ ਸੀ ਅਤੇ 8:45 ਵਜੇ ਇਸ ਦਾ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ, ਜਦਕਿ 8:50 ਵਜੇ ਇਹ ਹਾਦਸਾ ਵਾਪਰਿਆ। ਅਜੀਤ ਪਵਾਰ 5 ਫਰਵਰੀ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਪ੍ਰਚਾਰ ਲਈ ਮੁੰਬਈ ਤੋਂ ਬਾਰਾਮਤੀ ਜਾ ਰਹੇ ਸਨ। ਹਾਦਸੇ ਵਿੱਚ ਉੱਚ ਸਿੱਖਿਆ ਪ੍ਰਾਪਤ ਪਾਇਲਟ ਸ਼ਾਂਭਵੀ ਪਾਠਕ ਅਤੇ ਬੇਹੱਦ ਤਜਰਬੇਕਾਰ ਕੈਪਟਨ ਸੁਮਿਤ ਕਪੂਰ ਦੀ ਜਾਨ ਚਲੀ ਗਈ। ਕੈਪਟਨ ਸੁਮਿਤ ਕਪੂਰ ਕੋਲ 16,000 ਘੰਟਿਆਂ ਤੋਂ ਵੱਧ ਉਡਾਣ ਭਰਨ ਦਾ ਵਿਸ਼ਾਲ ਤਜਰਬਾ ਸੀ। ਉੱਥੇ ਹੀ, ਨਿਊ ਜ਼ੀਲੈਂਡ ਤੋਂ ਸਿਖਲਾਈ ਪ੍ਰਾਪਤ ਸ਼ਾਂਭਵੀ ਪਾਠਕ ਨੇ ਮੁੰਬਈ ਯੂਨੀਵਰਸਿਟੀ ਤੋਂ ਐਰੋਨੌਟਿਕਸ ਵਿੱਚ ਡਿਗਰੀ ਹਾਸਲ ਕੀਤੀ ਸੀ ਅਤੇ ਉਹ ਮੱਧ ਪ੍ਰਦੇਸ਼ ਫਲਾਇੰਗ ਕਲੱਬ ਵਿੱਚ ਇੰਸਟ੍ਰਕਟਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੀ ਸੀ।





