ਨਿਊ ਯਾਰਕ : ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨੇ ਭਾਰਤ ਦੇ ਯੂਰਪੀ ਯੂਨੀਅਨ ਨਾਲ ਹੋਏ ਵਪਾਰਕ ਸਮਝੌਤੇ ’ਤੇ ਟਰੰਪ ਪ੍ਰਸ਼ਾਸਨ ਦੀ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਰਤ ਇਸ ਸਮਝੌਤੇ ਵਿੱਚ ਸਿਖਰ ’ਤੇ ਰਿਹਾ ਹੈ ਅਤੇ ਇਸ ਨਾਲ ਭਾਰਤ ਦੇ ਬਹੁਤ ਵਧੀਆ ਦਿਨ ਆਉਣ ਵਾਲੇ ਹਨ। ਗ੍ਰੀਰ ਇਸ ਮੁਕਤ ਵਪਾਰ ਸਮਝੌਤੇ, ਜਿਸ ਨੂੰ ‘ਸਾਰੇ ਸਮਝੌਤਿਆਂ ਦੀ ਮਾਂ’ ਕਿਹਾ ਜਾ ਰਿਹਾ ਹੈ, ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਫੌਕਸ ਬਿਜ਼ਨਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾ ਕਿਹਾ, ‘ਮੈਂ ਹੁਣ ਤੱਕ ਸਮਝੌਤੇ ਦੇ ਕੁਝ ਵੇਰਵਿਆਂ ਨੂੰ ਦੇਖਿਆ ਹੈ। ਮੈਨੂੰ ਲੱਗਦਾ ਹੈ ਕਿ ਸਪੱਸ਼ਟ ਤੌਰ ’ਤੇ ਭਾਰਤ ਇਸ ਵਿੱਚ ਸਿਖਰ ’ਤੇ ਆਇਆ ਹੈ। ਉਸ ਨੂੰ ਯੂਰਪ ਵਿੱਚ ਵਧੇਰੇ ਮਾਰਕੀਟ ਪਹੁੰਚ ਮਿਲੀ ਹੈ।’ ਗ੍ਰੀਰ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਾਰਤ ਨੂੰ ਕੁਝ ਵਾਧੂ ਇਮੀਗ੍ਰੇਸ਼ਨ ਅਧਿਕਾਰ ਵੀ ਮਿਲੇ ਹਨ ਅਤੇ ਯੂਰਪੀ ਯੂਨੀਅਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਭਾਰਤੀ ਕਾਮਿਆਂ ਦੀ ਯੂਰਪ ਵਿੱਚ ਗਤੀਸ਼ੀਲਤਾ ਬਾਰੇ ਗੱਲ ਕੀਤੀ ਹੈ, ਜਿਸ ਨਾਲ ਘੱਟ ਲਾਗਤ ਵਾਲੀ ਲੇਬਰ ਵਾਲੇ ਭਾਰਤ ਨੂੰ ਵੱਡਾ ਫਾਇਦਾ ਹੋਵੇਗਾ। ਰੂਸੀ ਤੇਲ ਦੀ ਖਰੀਦ ’ਤੇ ਭਾਰਤ ’ਤੇ ਲਗਾਏ ਗਏ 25 ਫੀਸਦੀ ਟੈਰਿਫ ਬਾਰੇ ਪੁੱਛੇ ਜਾਣ ’ਤੇ ਉਨ੍ਹਾ ਕਿਹਾ ਕਿ ਭਾਰਤ ਅਜੇ ਵੀ ਉਹ ਲੈਵੀ ਅਦਾ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਭਾਰਤ ਨਾਲ ਅਮਰੀਕਾ ਦੇ ਚੰਗੇ ਕਾਰਜਕਾਰੀ ਸੰਬੰਧ ਹਨ, ਪਰ ਰੂਸੀ ਤੇਲ ’ਤੇ ਮਿਲਣ ਵਾਲੀ ਛੋਟ ਕਾਰਨ ਭਾਰਤ ਨੂੰ ਇਸ ਮੁੱਦੇ ’ਤੇ ਅਜੇ ਹੋਰ ਕੰਮ ਕਰਨ ਦੀ ਲੋੜ ਹੈ।





