ਕੇਂਦਰੀ ਬਜਟ ਨਾਲ ਪੰਜਾਬ ਦੀ ਆਰਥਕ ਹਾਲਤ ਹੋਰ ਵਿਗੜੇਗੀ : ਬੰਤ ਬਰਾੜ

0
23

ਚੰਡੀਗੜ੍ਹ : ਮੋਦੀ ਸਰਕਾਰ ਵਲੋਂ ਪੇਸ਼ ਕੀਤਾ ਸਾਲ 2026-27 ਦਾ ਬਜਟ ਪਹਿਲਾਂ ਦੀ ਤਰਜ਼ ’ ਤੇ ਲਗਾਤਾਰ ਕਾਰਪੋਰੇਟ-ਪੱਖੀ ਅਤੇ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ, ਮੱਧ ਵਰਗ ਅਤੇ ਛੋਟੀਆਂ ਸਨਅਤਾਂ ਵਿਰੋਧੀ ਬਜਟ ਹੈ। ਵਿੱਦਿਆ, ਸਿਹਤ, ਸਮਾਜਕ ਸੁਰੱਖਿਆ ਅਤੇ ਬੇਰੁਜ਼ਗਾਰੀ ਦੂਰ ਕਰਨ ਵਾਸਤੇ ਇਸ ਬਜਟ ਵਿਚ ਕੁਝ ਵੀ ਨਹੀਂ। ਜੇਕਰ ਫੈਡਰਲ ਢਾਂਚੇ ਦੀ ਗੱਲ ਕਰੀਏ ਤਾਂ ਇਹ ਬਜਟ ਪੰਜਾਬ ਵਿਰੋਧੀ ਹੈ, ਘੱਟੋ-ਘੱਟ ਉਜਰਤਾਂ ਵਧਾਉਣ, ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦੇਣ ਅਤੇ ਕਰਜ਼ਿਆਂ ਤੋਂ ਪੇਂਡੂ ਸੈਕਟਰ ਖਾਸ ਕਰਕੇ ਕਿਸਾਨ ਅਤੇ ਖੇਤ ਮਜ਼ਦੂਰਾਂ ਨੂੰ ਮੁਕਤ ਕਰਨ ਵਾਸਤੇ ਕੁਝ ਵੀ ਨਹੀਂ ਕਿਹਾ ਗਿਆ, ਸਗੋਂ ਰਸਾਇਣਕ ਖਾਦਾਂ ਦਾ ਮੁੱਲ ਵਧਾ ਦਿੱਤਾ ਗਿਆ ਹੈ। ਰਸੋਈ ਗੈਸ ਵਿਚ ਵੀ ਵਾਧਾ ਕਰਕੇ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ’ਤੇ ਹੋਰ ਭਾਰ ਪਾਇਆ ਗਿਆ ਹੈ। ਪੰਜਾਬ ਦੇ ਕਰਜ਼ਿਆਂ ਦਾ ਭਾਰ ਘੱਟ ਕਰਨ ਲਈ ਵੀ ਕੋਈ ਕਦਮ ਨਹੀਂ ਪੁੱਟਿਆ ਗਿਆ। ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪੰਜਾਬ ਅਤੇ ਲੋਕ-ਵਿਰੋਧੀ ਬਜਟ ਵਿਰੁੱਧ ਰੋਸ ਪ੍ਰਗਟ ਕਰਨ ਅਤੇ 12 ਫਰਵਰੀ ਦੇ ਮਜ਼ਦੂਰਾਂ, ਕਿਸਾਨਾਂ ਦੇ ਕੌਮੀ ਐਕਸ਼ਨ ਦੀ ਸਫਲਤਾ ਵਾਸਤੇ ਤਿਆਰੀਆਂ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ।