ਫ਼ਤਹਿਗੜ੍ਹ ਸਾਹਿਬ (ਪ੍ਰਮੋਦ ਭਾਰਦਵਾਜ)
‘ਮੇਰੇ ਦੋਹਤੇ ਗੋਵਿੰਦ ਸਿੰਘ ਦਾ ਬੀਤੇ ਦਿਨੀਂ ਵਿਆਹ ਪ੍ਰੋਗਰਾਮ ਹੋਇਆ ਹੈ। ਜਦੋਂ ਬੱਚਿਆਂ ਤੇ ਪਰਵਾਰ ਨੇ ਛਤਰ ਦੇ ਨਾਲ ਚੌਰ ਸਾਹਿਬ ਝੁਲਾਉਣ ਦੇ ਅਮਲ ਕੀਤੇ, ਉਸ ਕਾਰਜ ਸਮੇਂ ਮੈਂ ਉਥੇ ਨਹੀਂ ਸੀ, ਚੰਡੀਗੜ੍ਹ ਸੀ। ਮੈਨੂੰ ਤਾਂ ਸਿੱਖ ਰਹਿਤ ਮਰਿਆਦਾ ਦੀ ਪੂਰੀ ਜਾਣਕਾਰੀ ਵੀ ਹੈ ਅਤੇ ਛਤਰ ਤੇ ਚੌਰ ਸਾਹਿਬ ਦੀ ਵੱਡੀ ਮਹਾਨਤਾ ਬਾਰੇ ਵੀ ਸਮਝ ਹੈ।ਜੇਕਰ ਮੈਂ ਮੌਕੇ ’ਤੇ ਹੁੰਦਾ ਤਾਂ ਮੈਂ ਉਸ ਸਮੇਂ ਬੱਚਿਆਂ ਨੂੰ ਅਜਿਹਾ ਕਰਨ ਤੋਂ ਹਰ ਕੀਮਤ ’ਤੇ ਵਰਜ ਦੇਣਾ ਸੀ, ਕਿਉਕਿ ਮੈਂ ਗੋਵਿੰਦ ਸਿੰਘ ਦੇ ਨਾਨਾ ਹੋਣ ਦੇ ਨਾਲ-ਨਾਲ ਖ਼ਾਲਸਾ ਪੰਥ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦਾ ਮੁੱਖ ਸੇਵਾਦਾਰ ਵੀ ਹਾਂ।ਇਸ ਲਈ ਮੈਂ ਇਸ ਹੋਈ ਗੁਸਤਾਖੀ ਲਈ ਆਪਣੇ ਅਤੇ ਆਪਣੇ ਪਰਵਾਰ ਵੱਲੋਂ ਸਮੁੱਚੇ ਖ਼ਾਲਸਾ ਪੰਥ ਤੋਂ ਆਤਮਿਕ ਤੌਰ ’ਤੇ ਮੁਆਫ਼ੀ ਮੰਗਦਾ ਹਾਂ।’
ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਨੇ ਆਪਣੇ ਦੋਹਤੇ ਗੋਵਿੰਦ ਸਿੰਘ ਦੀ ਸ਼ਾਦੀ ਸਮੇਂ ਹੋਈਆ ਰਸਮਾਂ ਵਿਚ ਹੋਈ ਬਜਰ ਗੁਸਤਾਖੀ ਲਈ ਸਮੁੱਚੇ ਖਾਲਸਾ ਪੰਥ ਤੋ ਹਾਰਦਿਕ ਮੁਆਫ਼ੀ ਮੰਗਦੇ ਹੋਏ ਪ੍ਰਗਟ ਕੀਤੇ।ਉਨ੍ਹਾ ਕਿਹਾ ਕਿ ਜੋ ਸੋਸ਼ਲ ਮੀਡੀਆ ਦੇ ਸਾਧਨਾਂ ਉਤੇ ਮੇਰੇ ਅਤੇ ਮੇਰੇ ਪਰਵਾਰ ਵਿਰੁੱਧ ਧੂੰਆਧਾਰ ਨਫਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਉਹ ਲੋਕ ਹੀ ਹਨ, ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਕੌਮੀ ਸੋਚ ਖਾਲਿਸਤਾਨ ਦੇ ਨਿਸ਼ਾਨੇ ਨੂੰ ਪੂਰਨ ਰੂਪ ਵਿਚ ਪਿੱਠ ਦੇ ਗਏ ਹਨ ਅਤੇ ਸਮੇਂ-ਸਮੇਂ ’ਤੇ ਦਾਸ ਨੂੰ ਵੀ ਖਾਲਿਸਤਾਨ ਦੇ ਨਿਸ਼ਾਨੇ ਤੋਂ ਥਿੜਕਾਉਣ ਦੀਆਂ ਕਾਰਵਾਈ ਕਰਦੇ ਆ ਰਹੇ ਹਨ। ਉਹ ਤਾਕਤਾਂ ਤੇ ਲੋਕ ਮੇਰੇ ਨਾਂਅ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਨਾਂਅ ਵਿਰੁੱਧ ਈਰਖਾਵਾਦੀ ਸੋਚ ਅਧੀਨ ਹੀ ਅਜਿਹਾ ਪ੍ਰਚਾਰ ਕਰ ਰਹੇ ਹਨ, ਪਰ ਉਹ ਕਦੀ ਵੀ ਦਾਸ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੀ ਜਥੇਬੰਦੀ ਨੂੰ ਆਪਣੇ ਕੌਮੀ ਨਿਸ਼ਾਨੇ ਤੋਂ ਥਿੜਕਾਉਣ ਵਿਚ ਕਾਮਯਾਬ ਨਹੀ ਹੋ ਸਕਣਗੇ।ਬੇਸ਼ੱਕ ਵੱਡੇ ਕੌਮੀ ਸੰਘਰਸ਼ਾਂ ਵਿਚ ਕਿਤੇ ਨਾ ਕਿਤੇ ਕੋਈ ਗਲਤੀ ਜਾਂ ਕਮੀ ਰਹਿ ਜਾਂਦੀ ਹੈ, ਅਸੀਂ ਉਨ੍ਹਾਂ ਕਮੀਆਂ, ਊਣਤਾਈਆਂ ਨੂੰ ਦੂਰ ਕਰਦੇ ਹੋਏ ਆਪਣੀ ਕੌਮੀ ਮੰਜ਼ਲ ਦੀ ਪ੍ਰਾਪਤੀ ਹੋਣ ਤੱਕ ਅਡੋਲ ਵਧਦੇ ਰਹਾਂਗੇ ਅਤੇ ਸੰਘਰਸ ਕਰਦੇ ਰਹਾਂਗੇ।ਇਸੇ ਲੜੀ ਵਿਚ ਅਸੀ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋਂ ਮਿਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਦਿ੍ਰੜ੍ਹ ਹੋਣ ਲਈ ਹਰ ਸਾਲ ਫਤਿਹਗੜ੍ਹ ਸਾਹਿਬ ਵਿਖੇ ਉਨ੍ਹਾ ਦਾ ਜਨਮ ਦਿਨ ਸਮਾਗਮ ਮਨਾੳਂੁਦੇ ਹਾਂ। ਸਮੁੱਚੇ ਖਾਲਸਾ ਪੰਥ ਤੋਂ ਉਮੀਦ ਕਰਦੇ ਹਾਂ ਕਿ ਜਿਥੇ ਉਹ ਮੇਰੇ ਪਰਵਾਰਕ ਬੱਚਿਆਂ ਤੋਂ ਹੋਈ ਬੱਜਰ ਗੁਸਤਾਖੀ ਲਈ ਉਹ ਮੁਆਫ਼ ਕਰ ਦੇਣਗੇ, ਉਥੇ ਉਹ ਆਪਣੇ ਕੌਮੀ ਨਿਸ਼ਾਨੇ ਲਈ ਹੋਰ ਸੁਹਿਰਦ ਹੁੰਦੇ ਹੋਏ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੁੰਮ-ਹੁਮਾ ਕੇ ਪਹੁੰਚਣ ਦੀ ਕੌਮੀ ਜ਼ਿੰਮੇਵਾਰੀ ਵੀ ਪੂਰਨ ਕਰਨਗੇ।




