ਮਰਹੂਮ ਸੀ ਪੀ ਆਈ ਆਗੂਆਂ ਦੇ ਪਰਵਾਰ ਸਨਮਾਨਤ

0
15

ਬੰਗਾ (ਅਵਤਾਰ ਕਲੇਰ)
ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਭਵਨ ਸੀ ਪੀ ਆਈ ਦਫ਼ਤਰ ਨਵਾਂ ਸ਼ਹਿਰ ਵਿਖੇ ਮਹਰੂਮ ਸੀ ਪੀ ਆਈ ਆਗੂਆਂ ਦੇ ਪਰਵਾਰਾਂ ਨੂੰ ਪਾਰਟੀ ਜ਼ਿਲ੍ਹਾ ਕੌਂਸਲ ਵੱਲੋਂ ਸਨਮਾਨਤ ਕੀਤਾ ਗਿਆ।ਸੂਬਾ ਪਾਰਟੀ ਵਲੋਂ ਦੇਵੀ ਕੁਮਾਰੀ ਸਰਹਾਲੀ ਕਲਾਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਦੇ ਬੇਟੇ ਅਮਰਜੀਤ ਮੇਹਲੀ, ਮਰਹੂਮ ਸੁਤੰਤਰ ਕੁਮਾਰ ਦੀ ਧਰਮ ਪਤਨੀ ਬੀਬੀ ਸਰੋਜ ਬਾਲਾ, ਮਰਹੂਮ ਮੁਕੰਦ ਲਾਲ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ, ਮਰਹੂਮ ਰਾਮ ਲਾਲ ਚੱਕ ਗੁਰੂ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ, ਮਰਹੂਮ ਲੈਂਬਰ ਸਿੰਘ ਬੀਕਾ ਦੇ ਬੇਟੇ ਦੇਸ ਰਾਜ ਬੀਕਾ ਨੂੰ ਸਨਮਾਨਤ ਕੀਤਾ ਗਿਆ। ਜ਼ਿਲ੍ਹਾ ਪਾਰਟੀ ਆਗੂਆਂ ਨੇ ਦੱਸਿਆ ਕਿ ਮਰਹੂਮ ਬਲਰਾਮ ਸਿੰਘ ਮੱਲਪੁਰ ਅਤੇ ਮਰਹੂਮ ਕਪੂਰ ਸਿੰਘ ਜਾਡਲੀ ਦੇ ਪਰਵਾਰਾਂ ਨੂੰ ਘਰ ਜਾ ਕੇ ਸਨਮਾਨਤ ਕੀਤਾ ਜਾਵੇਗਾ। ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਪਾਰਟੀ ਇੱਕ ਪਰਵਾਰ ਦੀ ਤਰ੍ਹਾਂ ਹੁੰਦੀ ਹੈ। ਪਾਰਟੀ ਦੇ ਮਰਹੂਮ ਆਗੂਆਂ ਦੇ ਪਰਵਾਰਾਂ ਨੂੰ ਅਤੇ ਬਜ਼ੁਰਗ ਆਗੂਆਂ ਨੂੰ ਸਨਮਾਨਤ ਕਰਨਾ ਚੰਗੀ ਗੱਲ ਹੈ। ਉਨ੍ਹਾ ਕਿਹਾ ਕਿ 12 ਫ਼ਰਵਰੀ ਦੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਸਾਰੀਆਂ ਜਥੇਬੰਦੀਆਂ ਨੂੰ ਪੂਰਾ ਤਾਣ ਲਾ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਦੇਸੀ-ਵਿਦੇਸ਼ੀ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਵਰਗੇ ਜਮਹੂਰੀ ਹੱਕ ਖੋਹਣ ਲਈ ਕੇਂਦਰ ਸਰਕਾਰ ਮਜ਼ਦੂਰ ਪੱਖੀ 29 ਲੇਬਰ ਕਾਨੂੰਨਾਂ ਨੂੰ ਖ਼ਤਮ ਕਰਕੇ 4 ਲੇਬਰ ਕੋਡ ਲੈ ਕੇ ਆਈ ਹੈ।ਕੇਂਦਰ ਸਰਕਾਰ ਨੇ ਇਹਨਾਂ ਚਾਰ ਲੇਬਰ ਕੋਡਾਂ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ।ਉਨ੍ਹਾ ਕਿਹਾ ਕਿ ਇਹ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਕੋਲ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਅਤੇ ਪ੍ਰਾਪਤ ਕਰਨ ਲਈ ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦਾ ਜਮਹੂਰੀ ਅਧਿਕਾਰ ਖ਼ਤਮ ਹੋ ਜਾਵੇਗਾ। ਪੱਕੀ ਨੌਕਰੀ ਦੀ ਥਾਂਫਿਕਸਡ ਟਰਮ ਇੰਪਲਾਇਮੈਂਟ ਲਾਗੂ ਹੋਵੇਗਾ, ਨੌਕਰੀ ਦੀ ਸੁਰੱਖਿਆ ਖ਼ਤਮ ਹੋ ਜਾਵੇਗੀ। ਮਜ਼ਦੂਰਾਂ ਉਪਰ ਸ਼ਰਤਾਂ ਮੜ੍ਹ ਕੇ ਕਈ ਕਰਮਚਾਰੀਆਂ ਨੂੰ ਮਜ਼ਦੂਰ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ। ਕੰਮ ਦਾ ਮਿਹਨਤਾਨਾ ਵਧਾਉਣ ਦੀ ਥਾਂ ਕੰਮ ਘੰਟੇ 8 ਤੋਂ 12 ਘੰਟੇ ਦੀ ਦਿਹਾੜੀ ਹੋਵੇਗੀ। ਮਜ਼ਦੂਰਾਂ ਦੀ ਸੁਰੱਖਿਆ, ਸਹੂਲਤਾਂ, ਮਜ਼ਦੂਰੀ ਅਤੇ ਬੋਨਸ ਪ੍ਰਬੰਧਕਾਂ ਦੀ ਮਰਜ਼ੀ ਉਪਰ ਛੱਡ ਦਿੱਤੇ ਜਾਣਗੇ ਅਤੇ ਲੇਬਰ ਵਿਭਾਗ ਦੇ ਅਧਿਕਾਰੀਆਂ ਨੂੰ ਸਿਰਫ਼ ਦਰਸ਼ਕ ਬਣਾ ਦਿੱਤਾ ਜਾਵੇਗਾ।ਉਹਨਾ ਕਿਹਾ ਕਿ ਮੋਦੀ ਸਰਕਾਰ ਨੇ ਵਿਕਸਤ ਭਾਰਤ ਜੀ ਰਾਮ ਜੀ ਲਿਆ ਕੇ ਮਗਨਰੇਗਾ ਵਰਕਰਾਂ ਦਾ ਕੰਮ ਹੀ ਉਹਨਾਂ ਕੋਲੋਂ ਖੋਹ ਲਿਆ ਹੈ।ਆਗੂਆਂ ਜਨਤਕ ਅਦਾਰਿਆਂ ਦੇ ਨਿੱਜੀਕਰਨ ਦਾ ਵਿਰੋਧ ਕਰਦਿਆਂ ਇਸ ਨੂੰ ਬੰਦ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਬਿਜਲੀ ਬਿੱਲ 2025 ਰਾਹੀਂ ਬਿਜਲੀ ਵਿਭਾਗ ਕਾਰਪੋਰੇਟਰਾਂ ਹਵਾਲੇ ਕਰਨਾਂ ਚਾਹੁੰਦੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਜਮਹੂਰੀ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਲਈ ਮਜ਼ਦੂਰ ਵਿਰੋਧੀ ਇਹਨਾਂ ਲੇਬਰ ਕੋਡਾਂ ਨੂੰ ਰੱਦ ਕਰਵਾਉਣ ਲਈ 12 ਫ਼ਰਵਰੀ ਦੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਮਜ਼ਦੂਰਾਂ ਨੂੰ ਪਰਵਾਰਾਂ ਸਮੇਤ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਦੇਵੀ ਕੁਮਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ ਲਾਰਿਆਂ ਦੀ ਸਰਕਾਰ ਸਾਬਤ ਹੋਈ। ਉਨ੍ਹਾ ਕਿਹਾ ਕਿ ਪਿੰਡ-ਪਿੰਡ ਅਵਾਮੀ ਜਥੇਬੰਦੀਆਂ ਬਣਾਈਆਂ ਜਾਣ ਅਤੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਦੇਵੀ ਕੁਮਾਰੀ ਸਰਹਾਲੀ ਕਲਾਂ, ਜਸਵਿੰਦਰ ਸਿੰਘ ਭੰਗਲ, ਨਰੰਜਣ ਦਾਸ ਮੇਹਲੀ, ਪਰਮਿੰਦਰ ਮੇਨਕਾ, ਜੁਝਾਰ ਸਿੰਘ, ਗੁਰਮੁੱਖ ਸਿੰਘ ਫਰਾਲਾ, ਜਗਤਾਰ ਸਿੰਘ ਪੁਨੂੰ ਮਜ਼ਾਰਾ, ਅਮਰਜੀਤ ਮੇਹਲੀ, ਬਲਜਿੰਦਰ ਸਿੰਘ, ਗੁਰਿੰਦਰ ਰਾਹੋਂ, ਵੀਨਾ ਰਾਣੀ, ਧਰਮਪਾਲ ਸਿਆਣ, ਮਨੋਹਰ ਲਾਲ, ਦੇਵ ਰਾਜ, ਬੂਟਾ ਰਾਮ, ਸੁਰਿੰਦਰ ਸਿਆਣ, ਪ੍ਰਸ਼ੋਤਮ, ਬਲਵੀਰ ਕੌਰ ਆਦਿ ਹਾਜ਼ਰ ਸਨ।