ਸੁਨਾਮ/ਸ਼ੇਰੋਂ (ਅਸ਼ੋਕ ਬਾਂਸਲ,
ਹਾਕਮ ਭੱਟੀ)
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁਫ਼ਤ ਸਿਹਤ ਸੰਭਾਲ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਲਾਭ ਹਰੇਕ ਪਰਵਾਰ ਨੂੰ ਯਕੀਨੀ ਬਣਾਉਣ ਲਈ ਤਿੰਨ ਮਹੀਨੇ ਵਿੱਚ ਸੂਬੇ ਦੇ ਤਿੰਨ ਕਰੋੜ ਲਾਭਪਾਤਰੀਆਂ ਨੂੰ ਸਿਹਤ ਯੋਜਨਾ ਕਾਰਡ ਜਾਰੀ ਕੀਤੇ ਜਾਣਗੇ। ਇਸ ਟੀਚੇ ਨੂੰ ਪੂਰਾ ਕਰਨ ਲਈ ਪਿੰਡ-ਪਿੰਡ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਵਿਧਾਨ ਸਭਾ ਹਲਕਾ ਸੁਨਾਮ/ ਊਧਮ ਸਿੰਘ ਵਾਲਾ ਦੇ ਪਿੰਡ ਸ਼ੇਰੋਂ ਵਿਖੇ ਕੈਂਪ ਦੌਰਾਨ ਹਾਜ਼ਰੀ ਲਗਾਉਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਸੂਬੇ ਦੇ ਹਰ ਪਰਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਇਸ ਯੋਜਨਾ ਦੇ ਲਾਗੂ ਹੋਣ ਨਾਲ ਅਮੀਰਾਂ ਦੀ ਪਹੁੰਚ ਵਿੱਚ ਆਉਦੇ ਸਭ ਤੋਂ ਮਹਿੰਗੇ ਨਿੱਜੀ ਹਸਪਤਾਲ ਵੀ ਗਰੀਬਾਂ ਲਈ ਖੋਲ੍ਹ ਦਿੱਤੇ ਗਏ ਹਨ, ਜੋ ਲੋਕ ਸੇਵਾ ਵਿੱਚ ਫੈਸਲਾਕੁੰਨ ਬਦਲਾਅ ਹੈ।
ਉਹਨਾ ਕਿਹਾ ਕਿ ਜਿਵੇਂ ਹੀ ਮਰੀਜ਼ ਹਸਪਤਾਲ ਵਿੱਚ ਦਾਖਲ ਹੁੰਦਾ ਹੈ, ਸਭ ਕੁਝ ਮੁਫ਼ਤ ਹੋਵੇਗਾ। ਉਨ੍ਹਾਂ ਤੋਂ ਕੁਝ ਨਹੀਂ ਪੁੱਛਿਆ ਜਾਵੇਗਾ, ਸਿਰਫ਼ ਆਪਣਾ ਹੈਲਥ ਕਾਰਡ ਲਿਆਉਣ ਲਈ। ਪੰਜਾਬ ਵਿੱਚ ਲਗਭਗ 65 ਲੱਖ ਪਰਵਾਰ ਹਨ, ਜਿਨ੍ਹਾਂ ਵਿੱਚ ਅਮੀਰ ਅਤੇ ਗਰੀਬ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਅਤੇ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਸ਼ਾਮਲ ਹਨ। ਕਿਸੇ ਨੂੰ ਵੀ ਇਸ ਤੋਂ ਬਾਹਰ ਨਹੀਂ ਰੱਖਿਆ ਗਿਆ। ਇਸ ਯੋਜਨਾ ਤਹਿਤ 900 ਦੇ ਕਰੀਬ ਸਰਕਾਰੀ ਅਤੇ ਨਿੱਜੀ ਹਸਪਤਾਲ ਪਹਿਲਾਂ ਹੀ ਸੂਚੀਬੱਧ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਹਸਪਤਾਲ ਸ਼ਾਮਲ ਕੀਤੇ ਜਾਣਗੇ। ਇਸ ਸਕੀਮ ਵਿੱਚ 2356 ਤੋਂ ਵੱਧ ਇਲਾਜ ਪੈਕੇਜ ਸ਼ਾਮਲ ਕੀਤੇ ਗਏ ਹਨ, ਜਦੋਂ ਕਿ ਪਹਿਲਾਂ ਇਹ ਪੈਕੇਜ ਸਿਰਫ਼ 1600 ਸਨ। ਇਸ ਸਿਹਤ ਯੋਜਨਾ ਅਧੀਨ ਆਰਥੋਪੀਡਿਕਸ, ਜਨਰਲ ਮੈਡੀਸਨ, ਕਾਰਡੀਓਲੋਜੀ, ਨਿਊਰੋਲੋਜੀ, ਨੈਫਰੋਲੋਜੀ, ਯੂਰੋਲੋਜੀ, ਓਨਕੋਲੋਜੀ ਸਮੇਤ ਹੋਰ ਵਿਸ਼ੇਸ਼ ਇਲਾਜ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਦਿਲ ਨਾਲ ਸੰਬੰਧਤ ਅਤੇ ਕੈਂਸਰ ਦੇ ਇਲਾਜ, ਕਿਡਨੀ ਡਾਇਲਸਿਸ ਅਤੇ ਟ੍ਰਾਂਸਪਲਾਂਟ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ, ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ, ਦੁਰਘਟਨਾ ਅਤੇ ਐਮਰਜੈਂਸੀ, ਗੋਡੇ ਅਤੇ ਚੂਲੇ ਦੀਆਂ ਸਰਜਰੀਆਂ, ਮੋਤੀਆਬਿੰਦ ਸਰਜਰੀ ਅਤੇ ਹੋਰ ਇਲਾਜ ਸੇਵਾਵਾਂ ਵੀ ਇਸ ਯੋਜਨਾ ਵਿੱਚ ਸ਼ਾਮਲ ਹਨ।
ਹਸਪਤਾਲ ਦੇ ਖਰਚਿਆਂ ਦੇ ਨਾਲ-ਨਾਲ ਡਾਇਗਨੋਸਟਿਕ ਸੇਵਾਵਾਂ ਨੂੰ ਵੀ ਇਸ ਸਕੀਮ ਅਧੀਨ ਸ਼ਾਮਲ ਕੀਤਾ ਗਿਆ ਹੈ ਅਤੇ ਕਿਹਾ ਕਿ ਕੋਈ ਵੀ ਨਾਗਰਿਕ ਹੁਣ ਪੰਜਾਬ ਜਾਂ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਵਿੱਚ ਮੁਫ਼ਤ ਇਲਾਜ ਕਰਵਾ ਸਕਦਾ ਹੈ। ਇਨ੍ਹਾਂ ਹਸਪਤਾਲਾਂ ਨੂੰ ਇਲਾਜ ਤੋਂ ਬਾਅਦ 15 ਦਿਨਾਂ ਦੇ ਅੰਦਰ ਇਲਾਜ ਦੀ ਲਾਗਤ ਦਾ ਭੁਗਤਾਨ ਕਰ ਦਿੱਤਾ ਜਾਵੇਗਾ ਅਤੇ ਰਾਜ ਸਰਕਾਰ ਪਹਿਲਾਂ ਹੀ ਬੀਮਾ ਕੰਪਨੀ ਨੂੰ ਐਡਵਾਂਸ ਪ੍ਰੀਮੀਅਮ ਅਦਾ ਕਰ ਚੁੱਕੀ ਹੈ। ਇਸ ਮੌਕੇ ਐੱਸ ਡੀ ਐੱਮ ਪ੍ਰਮੋਦ ਸਿੰਗਲਾ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਹਾਜ਼ਰ ਸਨ।





