ਅਧਿਆਪਕਾ ਨੂੰ ਸਵਾ ਤਿੰਨ ਸਾਲ ਦੀ ਸਜ਼ਾ

0
15

ਗਾਂਧੀਨਗਰ : ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਹਿਮਾਂਸ਼ੂ ਚੌਧਰੀ ਨੇ ਹੋਮਵਰਕ ਪੂਰਾ ਨਾ ਕਰਨ ‘ਤੇ ਨੌਵੀਂ ਜਮਾਤ ਦੀ ਵਿਦਿਆਰਥਣ ਨੂੰ ਥੱਪੜ ਮਾਰਨ ਵਾਲੀ ਸਕੂਲ ਅਧਿਆਪਕਾ ਨੂੰ ਸਵਾ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ | ਕੁੜੀ ਦੇ ਖੱਬੇ ਕੰਨ ਦਾ ਪਰਦਾ ਫਟ ਗਿਆ ਸੀ | ਫਾਜ਼ਲ ਜੱਜ ਨੇ ਕਿਹਾ ਕਿ ਸਾਢੇ ਚਾਰ ਸਾਲ ਬਾਅਦ ਵੀ ਕੁੜੀ ਦਾ ਇਲਾਜ ਚੱਲ ਰਿਹਾ ਹੈ | ਉਨ੍ਹਾ ਅਧਿਆਪਕਾ ਪਾਰੁਲਬੇਨ ਪਟੇਲ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਸਾਲ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ | ਇਸ ਦੇ ਨਾਲ ਹੀ ਉਸ ‘ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ, ਇਹ ਘਟਨਾ 1 ਜਨਵਰੀ 2020 ਨੂੰ ਗਾਂਧੀਨਗਰ ਦੇ ਨਿੱਜੀ ਸਕੂਲ ਵਿੱਚ ਵਾਪਰੀ ਸੀ | ਅਧਿਆਪਕਾ ਨੇ ਦਾਅਵਾ ਕੀਤਾ ਸੀ ਕਿ ਬੱਚੀ ਹੋਮਵਰਕ ਨਹੀਂ ਕਰਦੀ ਸੀ ਅਤੇ ਮਾਪਿਆਂ ਨੇ ਝੂਠਾ ਕੇਸ ਦਰਜ ਕਰਵਾਇਆ ਹੈ, ਪਰ ਅਦਾਲਤ ਨੇ ਡਾਕਟਰੀ ਗਵਾਹਾਂ ਅਤੇ ਸਬੂਤਾਂ ਦੇ ਅਧਾਰ ‘ਤੇ ਅਧਿਆਪਕਾ ਨੂੰ ਦੋਸ਼ੀ ਮੰਨਿਆ | ਅਧਿਆਪਕਾ ਦੇ ਵਕੀਲ ਨੇ ਕੈਂਸਰ ਦੀ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਸਜ਼ਾ ਵਿੱਚ ਨਰਮੀ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਕਿਹਾ ਕਿ ਅਜਿਹੇ ਗੰਭੀਰ ਅਪਰਾਧ ਵਿੱਚ ਨਰਮੀ ਵਰਤਣਾ ਬੱਚਿਆਂ ਦੀ ਸੁਰੱਖਿਆ ਦੇ ਉਦੇਸ਼ ਨੂੰ ਨਜ਼ਰਅੰਦਾਜ਼ ਕਰਨ ਵਰਗਾ ਹੋਵੇਗਾ ਅਤੇ ਕੈਂਸਰ ਸੰਬੰਧੀ ਕੋਈ ਦਸਤਾਵੇਜ਼ੀ ਸਬੂਤ ਵੀ ਪੇਸ਼ ਨਹੀਂ ਕੀਤੇ ਗਏ |