ਗਾਜ਼ੀਆਬਾਦ : ਇੱਕ ਕੋਰੀਅਨ ਗੇਮ ਖੇਡਣ ਤੋਂ ਰੋਕਣ ਕਾਰਨ ਤਿੰਨ ਨਾਬਾਲਗ ਭੈਣਾਂ ਨੇ ਮੰਗਲਵਾਰ-ਬੁੱਧਵਾਰ ਦੀ ਰਾਤ ਕਰੀਬ ਦੋ ਵਜੇ ਕਥਿਤ ਤੌਰ ‘ਤੇ ਆਪਣੇ ਅਪਾਰਟਮੈਂਟ ਦੀ ਨੌਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ | ਪੁਲਸ ਅਨੁਸਾਰ ਇਹ ਕਦਮ ਉਨ੍ਹਾਂ ਮਾਪਿਆਂ ਵੱਲੋਂ ਉਨ੍ਹਾਂ ਦੀਆਂ ਬਹੁਤ ਜ਼ਿਆਦਾ ਆਨਲਾਈਨ ਗੇਮਿੰਗ ਆਦਤਾਂ ‘ਤੇ ਇਤਰਾਜ਼ ਜਤਾਉਣ ਤੋਂ ਬਾਅਦ ਚੁੱਕਿਆ | ਮਰਨ ਵਾਲੀਆਂ ਦੀ ਪਛਾਣ ਪਾਖੀ (12), ਪ੍ਰਾਚੀ (14) ਅਤੇ ਵਿਸ਼ਿਕਾ (16) ਵਜੋਂ ਹੋਈ ਹੈ |
ਰਿਪੋਰਟਾਂ ਮੁਤਾਬਕ ਰਿਹਾਇਸ਼ੀ ਟਾਊਨਸ਼ਿਪ ‘ਭਾਰਤ ਸਿਟੀ’ ਵਿੱਚ ਰਹਿੰਦੀਆਂ ਤਿੰਨੋਂ ਭੈਣਾਂ ਇੱਕ-ਦੂਜੇ ਦੇ ਬਹੁਤ ਕਰੀਬ ਸਨ ਅਤੇ ਜ਼ਿਆਦਾਤਰ ਇਕੱਠੀਆਂ ਰਹਿੰਦੀਆਂ ਸਨ | ਪੁਲਸ ਨੇ ਦੱਸਿਆ ਕਿ ਉਹ ਕੋਵਿਡ-19 ਮਹਾਂਮਾਰੀ ਦੌਰਾਨ ਆਨਲਾਈਨ ਗੇਮਿੰਗ ਦੀਆਂ ਆਦੀ ਹੋ ਗਈਆਂ ਅਤੇ ਆਨਲਾਈਨ ਟਾਸਕ-ਅਧਾਰਤ ‘ਕੋਰੀਅਨ ਲਵ ਗੇਮ’ ਖੇਡ ਰਹੀਆਂ ਸਨ | ਉਨ੍ਹਾਂ ਨਿਯਮਤ ਤੌਰ ‘ਤੇ ਸਕੂਲ ਜਾਣਾ ਬੰਦ ਕਰ ਦਿੱਤਾ ਸੀ, ਜੋ ਉਨ੍ਹਾਂ ਦੇ ਮਾਪਿਆਂ ਲਈ ਚਿੰਤਾ ਦਾ ਵੱਡਾ ਵਿਸ਼ਾ ਬਣ ਗਿਆ ਸੀ |
ਗਾਜ਼ੀਆਬਾਦ ਪੁਲਸ ਵੱਲੋਂ ਐੱਕਸ ‘ਤੇ ਜਾਰੀ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਮਾਪਿਆਂ ਨੇ ਵਾਰ-ਵਾਰ ਆਪਣੀਆਂ ਧੀਆਂ ਦੀ ਗੇਮਿੰਗ ਦੀ ਆਦਤ ‘ਤੇ ਇਤਰਾਜ਼ ਜਤਾਇਆ ਸੀ ਅਤੇ ਉਨ੍ਹਾਂ ਨੂੰ ਪੜ੍ਹਾਈ ਬਾਰੇ ਸਮਝਾਇਆ ਸੀ | ਮੰਗਲਵਾਰ ਰਾਤ ਨੂੰ ਇਸ ਮੁੱਦੇ ‘ਤੇ ਘਰ ਵਿੱਚ ਹੋਈ ਬਹਿਸ ਤੋਂ ਬਾਅਦ ਭੈਣਾਂ ਨੇ ਕਥਿਤ ਤੌਰ ‘ਤੇ ਇਹ ਖੌਫਨਾਕ ਕਦਮ ਚੁੱਕ ਲਿਆ | ਸੁਸਾਇਟੀ ਦੇ ਵਸਨੀਕਾਂ ਨੇ ਤੜਕਸਾਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ | ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅਪਾਰਟਮੈਂਟ ਕੰਪਲੈਕਸ ਦੇ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ | ਫਾਰੇਨ ਐਕਸਚੇਂਜ ਦਾ ਕੰਮ ਕਰਦੇ ਪਿਤਾ ਚੇਤਨ ਕੁਮਾਰ ਨੇ ਕਿਹਾ ਕਿ ਉਨ੍ਹਾ ਨੂੰ ਨਹੀਂ ਪਤਾ ਸੀ ਕਿ ਜਿਹੜੀ ਗੇਮ ਉਹ ਖੇਡ ਰਹੀਆਂ ਸਨ, ਉਸ ਵਿੱਚ ਟਾਸਕ ਦਿੱਤਾ ਜਾਂਦਾ ਹੈ | ਉਂਜ ਉਹ ਕੋਰੀਆ ਜਾਣ ਦੀ ਗੱਲ ਕਰਦੀਆਂ ਹੁੰਦੀਆਂ ਸਨ | ਪ੍ਰਾਚੀ ਨੇ ਇੱਕ ਵਾਰ ਕਿਹਾ ਸੀ ਕਿ ਉਹ ਬੌਸ ਹੈ ਤੇ ਭੈਣਾਂ ਉਸ ਦੀਆਂ ਹਦਾਇਤਾਂ ਦੀ ਪਾਲਣਾ ਕਰਦੀਆਂ ਹਨ | ਉਸ ਨੇ ਸੋਚਿਆ ਕਿ ਇਹ ਗੇਮ ਉਸੇ ਤਰ੍ਹਾਂ ਦੀ ਹੈ, ਜਿਸ ਤਰ੍ਹਾਂ ਦੀਆਂ ਉਹ ਬਚਪਨ ਵਿੱਚ ਖੇਡਦਾ ਹੁੰਦਾ ਸੀ | ਅਸਲ ਕਹਾਣੀ ਦਾ ਪਤਾ ਪੁਲਸ ਦੀ ਫਾਰੈਂਸਿਕ ਟੀਮ ਵੱਲੋਂ ਉਨ੍ਹਾਂ ਦੇ ਮੋਬਾਇਲਾਂ ਦੀ ਜਾਂਚ ਕਰਨ ਤੋਂ ਬਾਅਦ ਲੱਗਿਆ | ਉਸ ਨੇ ਕਿਹਾ, ‘ਮੇਰੀ ਪਤਨੀ ਅੰਦਰਲੇ ਕਮਰੇ ਵਿੱਚ ਸੁੱਤੀ ਪਈ ਸੀ | ਕੁੜੀਆਂ ਪਾਣੀ ਪੀਣ ਦੇ ਬਹਾਨੇ ਉੱਠੀਆਂ ਤੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ |’ ਪੁਲਸ ਅਧਿਕਾਰੀਆਂ ਮੁਤਾਬਕ ਕੁੜੀਆਂ ਖੁਦ ਨੂੰ ਕੋਰੀਅਨ ਰਾਜਕੁਮਾਰੀਆਂ ਸਮਝਣ ਲੱਗ ਪਈਆਂ ਸਨ |
ਪੁਲਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ, ਜਿਸ ਵਿੱਚ ਬੱਚੀਆਂ ਨੇ ਲਿਖਿਆ ਸੀ, ‘ਮੰਮੀ, ਪਾਪਾ, ਸੌਰੀ | ਜਿਸ ਖੇਡ ਨੂੰ ਤੁਸੀਂ ਸਾਨੂੰ ਛੱਡਣ ਲਈ ਕਹਿ ਰਹੇ ਸੀ, ਹੁਣ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਸੀ |’
ਇਹ ਸਤਰਾਂ ਸਿਰਫ਼ ਇੱਕ ਨੋਟ ਨਹੀਂ ਹਨ, ਸਗੋਂ ਉਸ ਭਾਵਨਾਤਮਕ ਪਕੜ ਦੀ ਗਵਾਹੀ ਹਨ, ਜੋ ਕਈ ਆਨਲਾਈਨ ਗੇਮਾਂ ਬੱਚਿਆਂ ਦੇ ਮਨ ‘ਤੇ ਬਣਾ ਲੈਂਦੀਆਂ ਹਨ |
ਇਸ ਘਟਨਾ ਨੇ ਸਮਾਜ ਦੇ ਸਾਹਮਣੇ ਜਿਹੜੇ ਸਵਾਲ ਖੜ੍ਹੇ ਕੀਤੇ ਹਨ, ਉਹ ਸਿਰਫ ਇੱਕ ਪਰਵਾਰ ਦੀ ਤ੍ਰਾਸਦੀ ਨਹੀਂ ਹੈ, ਇਹ ਉਸ ਡਿਜੀਟਲ ਦੌਰ ਦੀ ਚਿਤਾਵਨੀ ਹੈ, ਜਿੱਥੇ ਆਨਲਾਈਨ ਗੇਮਿੰਗ ਲਤ ਚੁੱਪਚਾਪ ਬੱਚਿਆਂ ਦੇ ਮਾਨਸਕ ਸਿਹਤ ਨੂੰ ਜਕੜ ਰਹੀ ਹੈ | ਮਾਹਰਾਂ ਮੁਤਾਬਕ ਬਹੁਤ ਜ਼ਿਆਦਾ ਗੇਮਿੰਗ ਚਿੜਚਿੜਾਪਨ ਅਤੇ ਡਿਪਰੈਸ਼ਨ ਵਧਾਉਂਦੀ ਹੈ, ਅਸਲ ਰਿਸ਼ਤਿਆਂ ਤੋਂ ਦੂਰੀ ਬਣਾਉਂਦੀ ਹੈ, ਪੜ੍ਹਾਈ ਅਤੇ ਨੀਂਦ ਨੂੰ ਪ੍ਰਭਾਵਤ ਕਰਦੀ ਹੈ ਅਤੇ ਭਾਵਨਾਤਮਕ ਫੈਸਲੇ ਲੈਣ ਦੀ ਸਮਰੱਥਾ ਨੂੰ ਕਮਜ਼ੋਰ ਕਰਦੀ ਹੈ | ਘਟਨਾ ਇਹ ਨਹੀਂ ਕਹਿੰਦੀ ਕਿ ਮਾਪੇ ਗਲਤ ਸਨ ਜਾਂ ਬੱਚੀਆਂ | ਇਹ ਦੱਸਦੀ ਹੈ ਕਿ ਸੰਵਾਦ ਦੀ ਕਮੀ, ਭਾਵਨਾਤਮਕ ਸਹਿਯੋਗ ਦੀ ਘਾਟ ਅਤੇ ਡਿਜੀਟਲ ਨਿਗਰਾਨੀ ਦੀ ਚੁਣੌਤੀ ਕਿੰਨੀ ਘਾਤਕ ਹੋ ਸਕਦੀ ਹੈ | ਬੱਚਿਆਂ ਨੂੰ ਡਰਾ ਕੇ ਨਹੀਂ, ਸਮਝਾ ਕੇ ਗੱਲ ਕਰਨ ਦੀ ਲੋੜ ਹੈ | ਇਸ ਘਟਨਾ ਨੇ ਦਰਸਾ ਦਿੱਤਾ ਕਿ ਗੇਮਿੰਗ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਬਜਾਏ ਸੰਤੁਲਨ ਸਿਖਾਉਣ ਦੀ ਅਤੇ ਮਾਨਸਕ ਸਿਹਤ ਨੂੰ ਓਨੀ ਹੀ ਅਹਿਮੀਅਤ ਦੇਣ ਦੀ ਲੋੜ ਹੈ, ਜਿੰਨੀ ਪੜ੍ਹਾਈ ਨੂੰ ਦਿੱਤੀ ਜਾਂਦੀ ਹੈ |
ਸਾਲ 2018 ਵਿੱਚ ਸੰਸਾਰ ਸਿਹਤ ਜਥੇਬੰਦੀ ਨੇ ‘ਗੇਮਿੰਗ ਡਿਸਆਰਡਰ’ ਨੂੰ ਅਧਿਕਾਰਤ ਤੌਰ ‘ਤੇ ਮਾਨਸਕ ਸਿਹਤ ਸਥਿਤੀ ਵਜੋਂ ਮਾਨਤਾ ਦਿੱਤੀ ਸੀ | ਇਸ ਦਾ ਮਤਲਬ ਹੈ ਕਿ ਗੇਮ ਖੇਡਣ ‘ਤੇ ਕੰਟਰੋਲ ਨਾ ਰਹਿਣਾ ਅਤੇ ਹੋਰ ਜ਼ਰੂਰੀ ਕੰਮਾਂ ਨਾਲੋਂ ਗੇਮ ਨੂੰ ਪਹਿਲ ਦੇਣਾ ਇੱਕ ਬਿਮਾਰੀ ਹੈ |
ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਸਿੱਧੇ ਤੌਰ ‘ਤੇ ‘ਗੇਮਿੰਗ’ ਕਾਰਨ ਹੋਈਆਂ ਮੌਤਾਂ ਦਾ ਵੱਖਰਾ ਡਾਟਾ ਨਹੀਂ ਰੱਖਦਾ, ਪਰ ਉਸ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਹਰ ਸਾਲ ਲਗਭਗ 12,000 ਤੋਂ 13,000 ਵਿਦਿਆਰਥੀ ਖੁਦਕੁਸ਼ੀ ਕਰਦੇ ਹਨ, ਜਿਨ੍ਹਾਂ ਵਿੱਚੋਂ ਇਮਤਿਹਾਨ ਦਾ ਦਬਾਅ ਅਤੇ ਨਿੱਜੀ ਕਾਰਨ (ਜਿਸ ਵਿੱਚ ਡਿਜੀਟਲ ਲਤ ਸ਼ਾਮਲ ਹੈ) ਮੁੱਖ ਹਨ |




