ਦਿੱਲੀ ‘ਚ 15 ਦਿਨਾਂ ‘ਚ 509 ਮਹਿਲਾਵਾਂ ਲਾਪਤਾ

0
21

ਨਵੀਂ ਦਿੱਲੀ : ਕੌਮੀ ਰਾਜਧਾਨੀ ਵਿੱਚ ਲਾਪਤਾ ਵਿਅਕਤੀਆਂ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਇੱਕ ਵੱਡੀ ਬਹਿਸ ਛਿੜ ਗਈ ਹੈ। ਆਮ ਆਦਮੀ ਪਾਰਟੀ ਨੇ ਸਿਰਫ਼ 15 ਦਿਨਾਂ ਵਿੱਚ 800 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਹਨ, ਜਦ ਕਿ ਪੁਲਸ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਲਾਪਤਾ ਵਿਅਕਤੀਆਂ ਦੀਆਂ ਰਿਪੋਰਟਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ, ਸਗੋਂ ਪਿਛਲੇ ਸਾਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਜਨਵਰੀ ਵਿੱਚ ਇਹ ਅੰਕੜਾ ਘਟਿਆ ਹੈ। ਦਿੱਲੀ ਪੁਲਸ ਦੇ ਅਧਿਕਾਰਤ ਅੰਕੜਿਆਂ ਅਨੁਸਾਰ 2026 ਦੇ ਪਹਿਲੇ 15 ਦਿਨਾਂ ਵਿੱਚ ਦਿੱਲੀ ਵਿੱਚ 807 ਲੋਕ ਲਾਪਤਾ ਹੋਏ ਸਨ, ਜਿਨ੍ਹਾਂ ਵਿੱਚੋਂ ਲੱਗਭੱਗ ਦੋ-ਤਿਹਾਈ ਮਾਮਲੇ ਔਰਤਾਂ ਅਤੇ ਕੁੜੀਆਂ ਦੇ ਸਨ। 1 ਤੋਂ 15 ਜਨਵਰੀ ਦੇ ਵਿਚਕਾਰ ਔਸਤਨ ਰੋਜ਼ਾਨਾ ਲੱਗਭੱਗ 54 ਮਾਮਲੇ ਸਾਹਮਣੇ ਆਏ। ਲਾਪਤਾ ਹੋਣ ਵਾਲਿਆਂ ਵਿੱਚ 509 ਔਰਤਾਂ ਅਤੇ ਕੁੜੀਆਂ, ਜਦ ਕਿ 298 ਮਰਦ ਸ਼ਾਮਲ ਸਨ। ਹੁਣ ਤੱਕ ਪੁਲਸ ਨੇ 235 ਵਿਅਕਤੀਆਂ ਦਾ ਪਤਾ ਲਗਾ ਲਿਆ ਹੈ, ਪਰ 572 ਲੋਕ ਅਜੇ ਵੀ ਲਾਪਤਾ ਹਨ।