ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਸੰਬੰਧੀ ਵਿਚਾਰ-ਚਰਚਾ 27 ਨੂੰ

0
9

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਸ਼ਨੀਵਾਰ ਹੋਈ ਮੀਟਿੰਗ ‘ਚ ਗੰਭੀਰ-ਵਿਚਾਰ ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ ਕਿ ਆਜ਼ਾਦੀ ਸੰਗਰਾਮ ਅੰਦਰ ਅਨੂਠੇ ਇਤਿਹਾਸਕ ਸਫ਼ੇ ਬੱਬਰ ਅਕਾਲੀ ਲਹਿਰ ‘ਚ ਸ਼ਹਾਦਤਾਂ ਦੀ ਸ਼ਤਾਬਦੀ (27 ਫਰਵਰੀ 1926-2026) ਦਾ ਪੂਰਾ ਵਰ੍ਹਾ ਚੱਲਣ ਵਾਲੀ ਮੁਹਿੰਮ ਦੇ ਆਗਾਜ਼ ਵਜੋਂ ਛੇ ਬੱਬਰਾਂ ਕਿਸ਼ਨ ਸਿੰਘ ਗੜਗੱਜ ਪਿੰਡ ਬਿਣਗਾ (ਨੇੜੇ ਜਲੰਧਰ ਛਾਉਣੀ), ਨੰਦ ਸਿੰਘ ਘੁੜਿਆਲ (ਜਲੰਧਰ), ਬਾਬੂ ਸੰਤਾ ਸਿੰਘ ਹਰੀਓ ਖੁਰਦ (ਲੁਧਿਆਣਾ), ਦਲੀਪ ਸਿੰਘ ਧਾਮੀਆਂ (ਹੁਸ਼ਿਆਰਪੁਰ), ਧਰਮ ਸਿੰਘ ਹਯਾਤਪੁਰ ਰੁੜਕੀ (ਹੁਸ਼ਿਆਰਪੁਰ), ਕਰਮ ਸਿੰਘ ਹਰੀਪੁਰ (ਜਲੰਧਰ) ਦੀ ਸ਼ਹਾਦਤ ਦਿਹਾੜੇ ਮੌਕੇ ਵਿਚਾਰ-ਚਰਚਾ ਕੀਤੀ ਜਾਏਗੀ। ਇਸ ਵਿਚਾਰ-ਚਰਚਾ ‘ਚ ਕਮੇਟੀ ਮੈਂਬਰ ਸੁਵਰਨ ਸਿੰਘ ਵਿਰਕ, ‘ਬੱਬਰ ਅਕਾਲੀ ਲਹਿਰ ਦੀ ਇਤਿਹਾਸਕ ਪ੍ਰਸੰਗਕਤਾ’ ਵਿਸ਼ੇ ਉਪਰ ਭਾਸ਼ਣ ਕੇਂਦਰਤ ਕਰਨਗੇ। ਇਉਂ ਹੀ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ‘ਫਾਸ਼ੀ ਹੱਲੇ ਦੀਆਂ ਚੁਣੌਤੀਆਂ’ ਵਿਸ਼ੇ ‘ਤੇ ਭਾਸ਼ਣ ਕੇਂਦਰਤ ਕਰਨਗੇ। 27 ਫਰਵਰੀ ਦੀ ਵਿਚਾਰ-ਚਰਚਾ ਕਨਵੈਨਸ਼ਨ ‘ਚ ਵਿਸ਼ੇਸ਼ ਕਰਕੇ ਬੁੱਧੀਜੀਵੀਆਂ, ਲੇਖਕਾਂ, ਵਕੀਲਾਂ, ਲੋਕ-ਪੱਖੀ ਸੰਸਥਾਵਾਂ ਅਤੇ ਬੱਬਰ ਅਕਾਲੀ ਲਹਿਰ ਨਾਲ ਸੰਬੰਧਤ ਪਿੰਡਾਂ ਦੀ ਪ੍ਰਤੀਨਿਧ ਹਾਜ਼ਰੀ ਯਕੀਨੀ ਬਣਾਉਣ ਲਈ ਅੱਜ ਤੋਂ ਹੀ ਕਮੇਟੀ ਮੈਂਬਰ ਸੰਪਰਕ ਮੁਹਿੰਮ ਹੱਥ ਲੈ ਰਹੇ ਹਨ। 27 ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ ‘ਚ ਵਿਸ਼ਵ ਰੰਗਮੰਚ ਦਿਹਾੜਾ ਮਨਾਉਣ ਦਾ ਵੀ ਫੈਸਲਾ ਲਿਆ ਗਿਆ। ਮੀਟਿੰਗ ਦਾ ਆਗਾਜ਼ ਨਾਟਕਕਾਰ ਜਤਿੰਦਰ ਬਰਾੜ, ਗੁਰਨਾਮ ਸਿੰਘ ਗਿੱਲ, ਜਸਪਾਲ ਸਿੰਘ ਢਿੱਲੋਂ, ਹਰਭਜਨ ਸਿੰਘ ਮਲਸੀਆਂ, ਐਡਵੋਕੇਟ ਸੌਰਵ ਸ਼ਰਮਾ ਮਲਸੀਆਂ, ਮਹਿੰਦਰ ਕੌਰ ਧੀਮਾਨ, ਬਚਨ ਕੌਰ ਬਿਲਗਾ ਨੂੰ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਭੇਟ ਕਰਨ ਨਾਲ ਹੋਇਆ।
ਮੀਟਿੰਗ ‘ਚ ਲਏ ਫੈਸਲਿਆਂ ਸੰਬੰਧੀ ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਾਂਝੀ ਕੀਤੀ।