ਮੁਹਾਲੀ ਦੇ ਕਈ ਸਕੂਲਾਂ ਨੂੰ ਧਮਕੀ

0
15

ਮੁਹਾਲੀ (ਗੁਰਜੀਤ ਬਿੱਲਾ)
ਬੁੱਧਵਾਰ ਸਵੇਰੇ ਮੁਹਾਲੀ ਸ਼ਹਿਰ ਦੇ 16 ਸਕੂਲਾਂ ਅਤੇ ਜ਼ੀਰਕਪੁਰ ਤੇ ਖਰੜ ਦੇ ਇੱਕ-ਇੱਕ ਸਕੂਲ ਨੂੰ ਭੇਜੇ ਗਏ ਬੰਬ ਹੋਣ ਦੀ ਧਮਕੀ ਭਰੇ ਈਮੇਲ ਮਿਲਣ ਤੋਂ ਬਾਅਦ ਪੁਲਸ ਤੁਰੰਤ ਹਰਕਤ ਵਿੱਚ ਆ ਗਈ।ਲਰਨਿੰਗ ਪਾਥਸ ਸਕੂਲ, ਸੈਕਟਰ-67 ਦੇ ਬਾਹਰ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਧਮਕੀ ਭਰੇ ਈਮੇਲ ਸਵੇਰੇ ਲਗਭਗ 7:30 ਤੋਂ 8:00 ਵਜੇ ਦਰਮਿਆਨ ਨਿੱਜੀ ਸਕੂਲਾਂ ਨੂੰ ਮਿਲੇ। ਜਾਣਕਾਰੀ ਮਿਲਦੇ ਹੀ ਪੁਲਸ ਟੀਮਾਂ, ਐਂਟੀ-ਸਾਬੋਟਾਜ ਟੀਮਾਂ ਅਤੇ ਬੰਬ ਨਿਰੋਧਕ ਦਸਤਿਆਂ ਸਮੇਤ ਤੁਰੰਤ ਸਕੂਲਾਂ ਵਿੱਚ ਪਹੁੰਚ ਗਈਆਂ।
ਉਨ੍ਹਾ ਕਿਹਾ ਕਿ ਵਾਧੂ ਫੋਰਸ ਅਤੇ ਗੁਆਂਢੀ ਜ਼ਿਲ੍ਹਿਆਂ ਤੇ ਚੰਡੀਗੜ੍ਹ ਮੁੱਖ ਦਫ਼ਤਰ ਤੋਂ ਆਈਆਂ ਵਿਸ਼ੇਸ਼ ਟੀਮਾਂ ਦੇ ਸਹਿਯੋਗ ਨਾਲ ਲਗਭਗ ਢਾਈ ਘੰਟਿਆਂ ਵਿੱਚ ਸਾਰੇ ਸਕੂਲਾਂ ਦੀ ਚੈਕਿੰਗ ਮੁਕੰਮਲ ਕਰ ਲਈ ਗਈ।ਤਲਾਸ਼ੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਅਤੇ ਸਟਾਫ ਲਈ ਖਾਲੀ ਕਰਵਾ ਕੇ ਬੰਦ ਕਰ ਦਿੱਤਾ ਗਿਆ ਸੀ। “ ਹਾਂਸ ਨੇ ਕਿਹਾ, ‘ਪ੍ਰਮਾਤਮਾ ਦੀ ਕਿਰਪਾ ਨਾਲ ਕਿਸੇ ਵੀ ਥਾਂ ਤੋਂ ਕੋਈ ਵੀ ਧਮਾਕਾਖੇਜ਼ ਸਮਗਰੀ ਨਹੀਂ ਮਿਲੀ।’”
ਜਿਨ੍ਹਾਂ ਸਕੂਲਾਂ ਵਿੱਚ ਚੈਕਿੰਗ ਕੀਤੀ ਗਈ, ਉਨ੍ਹਾਂ ਵਿੱਚ ਐਮਿਟੀ ਸਕੂਲ, ਦੂਨ ਸਕੂਲ, ਲਰਨਿੰਗ ਪਾਥਸ, ਗੁਰੂਕੁਲ ਸਕੂਲ, ਵਿਵੇਕ ਹਾਈ ਸਕੂਲ, ਪੈਰਾਗਨ ਸਕੂਲ, ਵਾਈ ਪੀ ਐੱਸ, ਸੇਂਟ ਮੇਰੀਜ਼ ਸਕੂਲ, ਮਾਨਵ ਰਚਨਾ ਸਕੂਲ, ਲਾਰੈਂਸ ਸਕੂਲ, ਜੈਮ ਪਬਲਿਕ ਸਕੂਲ, ਰਾਮ ਤੀਰਥ ਸਕੂਲ, ਸ਼ਿਵਾਲਿਕ ਪਬਲਿਕ ਸਕੂਲ ਅਤੇ ਸੰਤ ਈਸ਼ਰ ਸਿੰਘ ਸਕੂਲ ਸਮੇਤ ਹੋਰ ਸਕੂਲ ਸ਼ਾਮਲ ਸਨ।
ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਗਿੰਨੀ ਦੁੱਗਲ ਨੇ ਦੱਸਿਆ ਕਿ ਕੁਝ ਈਮੇਲ ਉੱਤੇ 11 ਫਰਵਰੀ ਦਾ ਸਮਾਂ ਪਾਇਆ ਹੋਇਆ ਹੈ ਅਤੇ ਕੁਝ ਈਮੇਲ ਉੱਤੇ 13 ਫਰਵਰੀ ਦੀ ਵੀ ਮਿਤੀ ਦਰਜ ਕੀਤੀ ਹੋਈ ਹੈ। ਜ਼ਿਆਦਾਤਰ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸੁਨੇਹੇ ਭੇਜ ਦਿੱਤੇ ਗਏ ਸਨ, ਜਿਸ ਕਰਕੇ ਬੱਚੇ ਸਕੂਲਾਂ ਵਿੱਚ ਨਹੀਂ ਆਏ।