ਚੰਡੀਗੜ੍ਹ (ਗੁਰਜੀਤ ਬਿੱਲਾ, ਕ੍ਰਿਸ਼ਨ ਗਰਗ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਹਾਲੀ ਵਿਖੇ 13 ਤੋਂ 15 ਮਾਰਚ ਨੂੰ ਹੋ ਰਹੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ’ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਇਸ ਨੂੰ ਫੈਸਲਾਕੁੰਨ ਕਦਮ ਦੱਸਿਆ, ਜੋ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਬੁਲੰਦੀਆਂ ‘ਤੇ ਪਹੁੰਚਾਏਗਾ।
ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਸੂਬੇ ਵਿੱਚ ਉਦਯੋਗਿਕ ਤਰੱਕੀ ਨੂੰ ਵੱਡਾ ਹੁਲਾਰਾ ਦੇਵੇਗਾ। ਪੰਜਾਬ ਪਹਿਲਾਂ ਹੀ ਆਲਮੀ ਪੱਧਰ ‘ਤੇ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉੱਭਰਿਆ ਹੈ।” ਉਨ੍ਹਾ ਕਿਹਾ, “ਇਹ ਇਤਿਹਾਸਕ ਸੰਮੇਲਨ ਉਦਯੋਗਿਕ ਤਰੱਕੀ ਨੂੰ ਵੱਡਾ ਹੁਲਾਰਾ ਦੇਣ ਲਈ ਸੂਬੇ ਦੀ ਤਕਦੀਰ ਘੜਨ ਵਿੱਚ ਸਿਹਤਮੰਦ ਮੰਚ ਮੁਹੱਈਆ ਕਰਵਾਏਗਾ।”ਮੁੱਖ ਮੰਤਰੀ ਨੇ ਕਿਹਾ, ‘ਅੰਤਰਰਾਸ਼ਟਰੀ ਉਦਯੋਗਿਕ ਦਿੱਗਜ਼ਾਂ ਨਾਲ ਲੰਮੀ ਵਿਚਾਰ-ਚਰਚਾ ਤੋਂ ਬਾਅਦ ਸੂਬੇ ਦੀ ਸਨਅਤ ਲਈ ਉਦਯੋਗ-ਪੱਖੀ ਕਾਰਜ ਯੋਜਨਾ ਤਿਆਰ ਕਰਨ ਲਈ ਆਪਸੀ ਸਹਿਮਤੀ ਵਿਕਸਤ ਕੀਤੀ ਜਾਵੇਗੀ।’ ਪੰਜਾਬੀਆਂ ਦੇ ਮੋਹਰੀ ਰਹਿਣ ਦੇ ਗੁਣਾਂ ਅਤੇ ਉੱਦਮੀ ਭਾਵਨਾ ਦੀ ਭਰਵੀਂ ਸ਼ਲਾਘਾ ਕਰਦਿਆਂ ਉਨ੍ਹਾ ਕਿਹਾ, ‘ਪੰਜਾਬੀ ਆਪਣੀ ਹਿੰਮਤ ਅਤੇ ਕਾਬਲੀਅਤ ਨਾਲ ਦੁਨੀਆ ਵਿੱਚ ਕਿਤੇ ਵੀ ਅਚੰਭਾ ਕਰ ਸਕਦੇ ਹਨ।’
ਮਾਨ ਨੇ ਕਿਹਾ, “’ਇਹ ਸੰਮੇਲਨ ‘ਪੰਜਾਬ ਮੀਨਜ਼ ਬਿਜ਼ਨਸ–ਪਾਲਿਸੀ-ਟੂ-ਪ੍ਰੈਕਟਿਸ’ (ਪੰਜਾਬ ਮਤਲਬ ਕਾਰੋਬਾਰ-ਨੀਤੀ ਤੋਂ ਅਮਲ) ਦੇ ਵਿਸ਼ੇ ‘ਤੇ ਆਧਾਰਤ ਹੋਵੇਗਾ।” ਉਨ੍ਹਾ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਗੁਰੂਗ੍ਰਾਮ, ਨਵੀਂ ਦਿੱਲੀ, ਬੇਂਗਲੁਰੂ, ਹੈਦਰਾਬਾਦ, ਚੇਨਈ, ਮੁੰਬਈ ਅਤੇ ਜਾਪਾਨ, ਦੱਖਣੀ ਕੋਰੀਆ ਆਦਿ ਦੇਸ਼ਾਂ ਵਿੱਚ ਰੋਡ ਸ਼ੋਅ ਕੀਤੇ ਜਾ ਚੁੱਕੇ ਹਨ।ਉਨ੍ਹਾ ਅੱਗੇ ਕਿਹਾ, ‘ਸੰਮੇਲਨ ਦੌਰਾਨ ਮੁੱਖ ਸੈਸ਼ਨਾਂ ਵਿੱਚ ਉਦਘਾਟਨ, ਸਮਾਪਤੀ, ਕੰਟਰੀ ਸੈਸ਼ਨ, ਪਲੇਨਰੀ, ਸੈਕਟਰਲ ਸੈਸ਼ਨ ਅਤੇ ਹੋਰ ਸ਼ਾਮਲ ਹੋਣਗੇ।’ ਮਾਨ ਨੇ ਕਿਹਾ ਕਿ ਨਿਵੇਸ਼ਕ ਸੰਮੇਲਨ ਦੇਸ਼ ਭਰ ਵਿੱਚ ਵੱਧ ਤੋਂ ਵੱਧ ਰਿਆਇਤਾਂ ਦੀ ਪੇਸ਼ਕਸ਼ ਕਰਦੇ ਹੋਏ ਸੂਬੇ ਵਿੱਚ ਨਿਵੇਸ਼ ਦੇ ਮੌਕਿਆਂ ਲਈ ਮੰਚ ਪ੍ਰਦਾਨ ਕਰੇਗਾ।ਉਨ੍ਹਾਂ ਅੱਗੇ ਕਿਹਾ, ‘ਪੰਜਾਬ ਸਰਕਾਰ ਨੂੰ ਇਸ ਵਿਆਪਕ ਸਮਾਗਮ ਵਿੱਚ ਹਿੱਸਾ ਲੈਣ ਲਈ ਨਾ ਸਿਰਫ਼ ਭਾਰਤ ਸਗੋਂ ਦੁਨੀਆ ਭਰ ਦੇ ਉਦਯੋਗਿਕ ਦਿੱਗਜ਼ਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।’ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ, ‘ਸੂਬੇ ਦਾ ਮੁੱਖ ਆਧਾਰ ਖੇਤੀਬਾੜੀ ਖੇਤਰ ਪਹਿਲਾਂ ਹੀ ਚੁਣੌਤੀਆਂ ਨਾਲ ਜੂਝ ਰਿਹਾ ਹੈ ਅਤੇ ਕਮਜ਼ੋਰ ਹੋਈ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਵਿਆਪਕ ਉਦਯੋਗੀਕਰਨ ਹੀ ਇੱਕੋ-ਇੱਕ ਹੱਲ ਹੈ।’
ਉਨ੍ਹਾ ਕਿਹਾ, ‘ਸੂਬਾ ਸਰਕਾਰ ਪੰਜਾਬ ਵਿੱਚ ਨਿਵੇਸ਼ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਦੇ ਯਤਨਾਂ ਸਦਕਾ ਹੁਣ ਤੱਕ 1.50 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਸ ਨਾਲ ਨੌਜਵਾਨਾਂ ਲਈ 5.20 ਲੱਖ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ।’ ਉਨ੍ਹਾ ਕਿਹਾ ਕਿ ਦੇਸ਼ ਅਤੇ ਦੁਨੀਆ ਭਰ ਦੀਆਂ ਪ੍ਰਮੁੱਖ ਕੰਪਨੀਆਂ ਦੇ ਨੁਮਾਇੰਦੇ ਨਿਵੇਸ਼ ਨੂੰ ਮਜ਼ਬੂਤ ਕਰਨ ਲਈ ਸੂਬੇ ਵਿੱਚ ਕਰਵਾਏ ਜਾਣ ਵਾਲੇ ਇਸ ਮੈਗਾ ਈਵੈਂਟ ਵਿੱਚ ਸੰਭਾਵੀ ਤੌਰ ‘ਤੇ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਸੰਮੇਲਨ ਦਾ ਲੋਗੋ ਵੀ ਜਾਰੀ ਕੀਤਾ।





