ਸਰਕਾਰ ਵੱਲੋਂ ਵਾਂਗਚੁੱਕ ਦੀ ਰਿਹਾਈ ਦਾ ਵਿਰੋਧ

0
5

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਬੁੱਧਵਾਰ ਸੁਪਰੀਮ ਕੋਰਟ ਵਿੱਚ ਸਪੱਸ਼ਟ ਕੀਤਾ ਕਿ ਲੱਦਾਖ ਦੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਦੀ ਸਿਹਤ ਸੰਬੰਧੀ ਕੋਈ ਚਿੰਤਾ ਵਾਲੀ ਗੱਲ ਨਹੀਂ, ਇਸ ਲਈ ਉਨ੍ਹਾ ਨੂੰ ਸਿਹਤ ਦੇ ਆਧਾਰ ‘ਤੇ ਰਿਹਾਅ ਨਹੀਂ ਕੀਤਾ ਜਾ ਸਕਦਾ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਹਿਰਾਸਤ ਦੌਰਾਨ ਵਾਂਗਚੁਕ ਦੀ 24 ਵਾਰ ਡਾਕਟਰੀ ਜਾਂਚ ਕੀਤੀ ਗਈ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ। ਸਰਕਾਰ ਨੇ ਦਲੀਲ ਦਿੱਤੀ ਕਿ ਜਿਨ੍ਹਾਂ ਕਾਰਨਾਂ ਕਰਕੇ ਵਾਂਗਚੁਕ ਨੂੰ ਕੌਮੀ ਸੁਰੱਖਿਆ ਐਕਟ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ, ਉਹ ਅਜੇ ਵੀ ਕਾਇਮ ਹਨ ਅਤੇ ਅਜਿਹੀ ਸਥਿਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਛੋਟ ਦੇਣਾ ਉਚਿਤ ਨਹੀਂ ਹੋਵੇਗਾ।
ਬਾਜਵਾ ਦੀ ਥਾਂ ਵਕੀਲ ਪੇਸ਼
ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਭੇਜੇ ਨੋਟਿਸ ਸੰਬੰਧੀ ਬੁੱਧਵਾਰ ਉਨ੍ਹਾ ਦੇ ਵਕੀਲ ਅਰਵਿੰਦ ਸਿੰਘ ਸਚਦੇਵਾ ਪੇਸ਼ ਹੋਏ। ਸਚਦੇਵਾ ਨੇ ਕਿਹਾ ਕਿ ਬਾਜਵਾ ਕਿਤੇ ਵਿਅਸਤ ਹੋਣ ਕਰਕੇ ਖੁਦ ਨਹੀਂ ਆ ਸਕੇ, ਪਰ ਉਨ੍ਹਾ ਕਮਿਸ਼ਨ ਕੋਲ ਆਪਣਾ ਜਵਾਬ ਦੇ ਦਿੱਤਾ ਹੈ ਅਤੇ ਹੋਰ ਲੋੜੀਂਦੇ ਜਵਾਬ ਲਈ 15 ਦਿਨਾਂ ਦਾ ਸਮਾਂ ਮੰਗਿਆ ਹੈ। ਕਮਿਸ਼ਨ ਨੇ ਅਗਲੀ ਤਰੀਕ 26 ਫਰਵਰੀ ਪਾ ਦਿੱਤੀ ਹੈ।