ਨਵੀਂ ਦਿੱਲੀ : ਭਾਰਤੀ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਆਪਣੀ ਖ਼ਾਸ ਪਛਾਣ ਰੱਖਣ ਵਾਲੀ ਅਤੇ ਦੂਰਦਰਸ਼ਨ ਦੀ ਮਸ਼ਹੂਰ ਨਿਊਜ਼ ਐਂਕਰ ਸਰਲਾ ਮਹੇਸ਼ਵਰੀ 71 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸਰਲਾ ਨੂੰ ਉਨ੍ਹਾਂ ਦੀ ਬੇਹੱਦ ਸ਼ਾਂਤ ਸ਼ਖ਼ਸੀਅਤ, ਸਾਦਗੀ ਅਤੇ ਹਿੰਦੀ ਦੇ ਸ਼ੁੱਧ ਉਚਾਰਨ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਸਾਲ 1976 ਤੋਂ 2005 ਤੱਕ ਲੱਗਭੱਗ ਤਿੰਨ ਦਹਾਕਿਆਂ ਤੱਕ ਦੂਰਦਰਸ਼ਨ ‘ਤੇ ਖ਼ਬਰਾਂ ਪੜ੍ਹੀਆਂ। ਉਹ ਉਸ ਦੌਰ ਦੇ ਸਭ ਤੋਂ ਪਛਾਣੇ ਜਾਣ ਵਾਲੇ ਚਿਹਰਿਆਂ ਵਿੱਚੋਂ ਇੱਕ ਸਨ, ਜਦੋਂ ਨਿੱਜੀ ਚੈਨਲਾਂ ਦਾ ਦੌਰ ਨਹੀਂ ਸੀ ਅਤੇ ਪੂਰਾ ਦੇਸ਼ ਖ਼ਬਰਾਂ ਲਈ ਸਿਰਫ਼ ਦੂਰਦਰਸ਼ਨ ‘ਤੇ ਹੀ ਨਿਰਭਰ ਕਰਦਾ ਸੀ।




