ਕੋਲੰਬੋ : ਟੀ-20 ਵਿਸ਼ਵ ਕੱਪ ਵਿੱਚ ਸ਼ੁੱਕਰਵਾਰ ਨੂੰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਜ਼ਿੰਬਾਬਵੇ ਨੇ ਮਜ਼ਬੂਤ ਮੰਨੀ ਜਾਣ ਵਾਲੀ ਆਸਟਰੇਲਿਆਈ ਟੀਮ ਨੂੰ 23 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ।ਇਹ ਦੂਜੀ ਵਾਰ ਹੈ ਜਦੋਂ ਜ਼ਿੰਬਾਬਵੇ ਨੇ ਵਿਸ਼ਵ ਕੱਪ ਦੇ ਮੈਚ ਵਿਚ ਆਸਟਰੇਲੀਆ ਨੂੰ ਹਰਾਇਆ ਹੈ।ਉਨਾਂ ਨੇ 19 ਸਾਲ ਪਹਿਲਾਂ 2007 ਦੇ ਵਿਸ਼ਵ ਕੱਪ ਦੌਰਾਨ ਵੀ ਕੰਗਾਰੂ ਟੀਮ ਨੂੰ ਲੀਗ ਮੈਚ ਵਿੱਚ ਹਰਾਇਆ ਸੀ।ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਨਿਰਧਾਰਤ 20 ਓਵਰਾਂ ਵਿੱਚ ਸਿਰਫ 2 ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ।ਇਸ ਦੇ ਜਵਾਬ ਵਿੱਚ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆਈ ਟੀਮ 19.3 ਓਵਰਾਂ ਵਿੱਚ 146 ਦੌੜਾਂ ’ਤੇ ਹੀ ਆਲ ਆਊਟ ਗਈ।
ਕੈਪਟਨ ਨੂੰ ਤਲਬ ਕਰਨ ਵਾਲੇ ਈ ਡੀ ਅਧਿਕਾਰੀ ਦਾ ਤਬਾਦਲਾ
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਤਲਬ ਕਰਨ ਵਾਲੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਵਧੀਕ ਨਿਰਦੇਸ਼ਕ ਰਵੀ ਤਿਵਾੜੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।ਤਿਵਾੜੀ ਦੀ ਥਾਂ ਹੁਣ ਵਧੀਕ ਨਿਰਦੇਸ਼ਕ ਵਜੋਂ ਦਿਨੇਸ਼ ਪਚੌਰੀ ਦੀ ਤਾਇਨਾਤੀ ਕੀਤੀ ਗਈ ਹੈ। ਉੱਚ ਅਧਿਕਾਰੀ ਨੇ ਇਸ ਨੂੰ ਰੁਟੀਨ ਦਾ ਤਬਾਦਲਾ ਦੱਸਿਆ ਹੈ ਪ੍ਰੰਤੂ ਕੈਪਟਨ ਪਰਵਾਰ ਦੀ ਤਲਬੀ ਮੌਕੇ ਇਹ ਤਬਾਦਲਾ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਿਰ ਕਰਦਾ ਹੈ।ਐਨਫੋਰਸਮੈਂਟ ਡਾਇਰੈਕਟੋਰੇਟ ਤਰਫ਼ੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਕਥਿਤ ਉਲੰਘਣਾ ਦੇ ਮਾਮਲੇ ’ਚ ਸੰਮਨ ਕੀਤਾ ਗਿਆ ਸੀ, ਪ੍ਰੰਤੂ ਦੋਵੇਂ ਪਿਤਾ-ਪੁੱਤਰ ਈ ਡੀ ਕੋਲ ਪੇਸ਼ ਹੋਣ ’ਚ ਅਸਫਲ ਰਹੇ। ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਹਸਪਤਾਲ ’ਚ ਹਨ, ਜਿਨ੍ਹਾਂ ਦੇ ਗੋਡਿਆਂ ਦਾ ਇਲਾਜ ਚੱਲ ਰਿਹਾ ਹੈ। ਇਸੇ ਦੌਰਾਨ ਈ ਡੀ ਅਧਿਕਾਰੀ ਤਿਵਾੜੀ ਦਾ ਤਬਾਦਲਾ ਹੋਇਆ ਹੈ, ਜੋ ਸਤੰਬਰ 2023 ’ਚ ਜਲੰਧਰ ਵਿਖੇ ਤਾਇਨਾਤ ਹੋਏ ਸਨ। ਈ ਡੀ ਇੱਕ ਪੁਰਾਣੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਰਣਇੰਦਰ ਸਿੰਘ ਨਾਲ ਜੁੜੀ ਹੋਈ ਹੈ। ਈ ਡੀ ਪਹਿਲਾਂ ਵੀ ਰਣਇੰਦਰ ਸਿੰਘ ਤੋਂ ਸਵਿਟਜ਼ਰਲੈਂਡ ਵਿੱਚ ਫ਼ੰਡਾਂ ਦੀ ਕਥਿਤ ਹੇਰਾਫੇਰੀ ਅਤੇ ‘ਜੈਕਾਰੰਡਾ ਟਰੱਸਟ’ ਦੇ ਗਠਨ ਨੂੰ ਲੈ ਕੇ ਪੁੱਛਗਿੱਛ ਕਰ ਚੁੱਕੀ ਹੈ।
ਲੋਕ ਸਭਾ ਦੀ ਕਾਰਵਾਈ 9 ਮਾਰਚ ਤੱਕ ਮੁਲਤਵੀ
ਨਵੀਂ ਦਿੱਲੀ : ਲੋਕ ਸਭਾ ਬਜਟ ਸੈਸ਼ਨ ਵਿੱਚ ਹੋਏ ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ 9 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਸਦਨ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਹੰਗਾਮਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ।ਇਸ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਸਿਰਫ਼ ਪੰਜ ਮਿੰਟ ਬਾਅਦ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।ਉੁਪਰੰਤ ਜਿਵੇਂ ਹੀ ਪ੍ਰਧਾਨਗੀ ਚੇਅਰਮੈਨ ਨੇ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ, ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਕੇਂਦਰੀ ਮੰਤਰੀ ਪੁਰੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਸਪੀਕਰ ਦੇ ਮੰਚ ਦੇ ਨੇੜੇ ਆ ਗਏ। ਇਸ ਦੌਰਾਨ ਕਾਂਗਰਸ ਸੰਸਦ ਮੈਂਬਰ ਉੱਜਵਲ ਰਮਨ ਸਿੰਘ ਨੇ ਆਪਣਾ ਪੂਰਕ ਸਵਾਲ ਪੁੱਛਿਆ, ਜਿਸ ਦਾ ਜਵਾਬ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਹੰਗਾਮੇ ਦੌਰਾਨ ਦਿੱਤਾ। ਵਧਦੇ ਹੰਗਾਮੇ ਨੂੰ ਦੇਖਦਿਆਂ ਬਜਟ ਸੈਸ਼ਨ ਨੂੰ 9 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ।
ਪਤਨੀ ਤੇ ਪੁੱਤਰ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਮਾਰੀ ਗੋਲੀ
ਫਿਰੋਜ਼ਪੁਰ : ਨੇੜਲੇ ਪਿੰਡ ਬਜੀਦਪੁਰ ਵਿਚ ਸ਼ੁੱਕਰਵਾਰ ਪਰਿਵਾਰ ਮੁਖੀ ਨੇ ਪਤਨੀ ਤੇ ਪੁੱਤਰ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ।ਇਸ ਵੇਲੇ ਤਿੰਨਾਂ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਰੈਫਰ ਕੀਤਾ ਗਿਆ ਹੈ।ਕਿਸਾਨ ਜਗਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਨੇ ਲਸੰਸੀ ਰਿਵਾਲਵਰ ਨਾਲ 35 ਸਾਲਾ ਪਤਨੀ ਨਵਨੀਤ ਕੌਰ ਤੇ 4 ਸਾਲਾ ਪੁੱਤਰ ਵਾਰਿਸਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ।ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।ਡਾਕਟਰਾਂ ਨੇ ਉਨਾਂ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਹੈ।ਪਿੰਡ ਦੇ ਲੋਕਾਂ ਅਨੁਸਾਰ ਜਗਜੀਤ ਸਿੰਘ ਇਕ ਖੁਸ਼ਹਾਲ ਕਿਸਾਨ ਹੈ।


