ਐਂਟੀ-ਗੈਂਗਸਟਰ ਟਾਸਕ ਫੋਰਸ ਪੁਲਸ ਸਟੇਸ਼ਨ ਨੂੰ ਹਰੀ ਝੰਡੀ

0
10

ਪਟਿਆਲਾ : ਪੰਜਾਬ ਸਰਕਾਰ ਨੇ ਅਪਰਾਧਾਂ ਵਿਰੁੱਧ ਕਾਰਵਾਈ ਤੇਜ਼ ਕਰਨ ਲਈ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਪਹਿਲਾ ਐਂਟੀ-ਗੈਂਗਸਟਰ ਟਾਸਕ ਫੋਰਸ ਪੁਲਸ ਸਟੇਸ਼ਨ ਸਥਾਪਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ।ਗਜ਼ਟ ਨੋਟੀਫਿਕੇਸ਼ਨ ਅਨੁਸਾਰ ਇਹ ਨਵਾਂ ਪੁਲਸ ਸਟੇਸ਼ਨ ਪੂਰੇ ਪੰਜਾਬ ਵਿੱਚ ਕੰਮ ਕਰੇਗਾ।ਇਹ ਕਦਮ ਪੰਜਾਬ ਪੁਲਸ ਵੱਲੋਂ ‘ਅਪਰੇਸ਼ਨ ਪ੍ਰਹਾਰ’ ਤਹਿਤ ਵਿੱਢੀ ਗਈ ਮੁਹਿੰਮ ਦੌਰਾਨ ਚੁੱਕਿਆ ਗਿਆ ਹੈ। ਹਾਲਾਂਕਿ ਗੈਂਗਸਟਰ ਨੈੱਟਵਰਕਾਂ ਅਤੇ ਉਨ੍ਹਾਂ ਦੇ ਸਹਿਯੋਗੀ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਾਜ ਵਿਆਪੀ ਛਾਪੇਮਾਰੀ ਅਤੇ ਗਿ੍ਰਫਤਾਰੀਆਂ ਦੇ ਦੋ ਪੜਾਅ ਪਹਿਲਾਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ।ਡਾਇਰੈਕਟਰ ਜਨਰਲ ਆਫ਼ ਪੁਲਸ ਗੌਰਵ ਯਾਦਵ ਨੇ 2026 ਨੂੰ “ਗੈਂਗਸਟਰਾਂ ਵਿਰੁੱਧ ਸਾਲ’’ ਵਜੋਂ ਐਲਾਨਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਉਸ ਪੂਰੇ ਈਕੋਸਿਸਟਮ ਨੂੰ ਖਤਮ ਕਰਨਾ ਹੈ, ਜੋ ਸੰਗਠਿਤ ਅਪਰਾਧ ਨੂੰ ਸਮਰੱਥ ਬਣਾਉਂਦਾ ਹੈ, ਜਿਸ ਵਿੱਚ ਵਿੱਤ ਪ੍ਰਬੰਧਕ, ਹਥਿਆਰਾਂ ਦੇ ਸਪਲਾਇਰ ਅਤੇ ਸੁਰੱਖਿਅਤ ਪਨਾਹਗਾਹਾਂ ਪ੍ਰਦਾਨ ਕਰਨ ਵਾਲੇ ਸ਼ਾਮਲ ਹਨ। ਪੁਲਸ ਨੇ ਇੱਕ ‘ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ’ ਸਥਾਪਤ ਕੀਤਾ ਹੈ ਅਤੇ ਨਾਗਰਿਕਾਂ ਦੀ ਗੁਪਤ ਜਾਣਕਾਰੀ ਲਈ ਇੱਕ ਐਂਟੀ-ਗੈਂਗਸਟਰ ਹੈਲਪਲਾਈਨ ਸ਼ੁਰੂ ਕੀਤੀ ਹੈ।ਪਹਿਲਾ ਪੜਾਅ ਮੁਤਾਬਕ ਸਰਗਰਮ ਗਰੋਹਾਂ ਅਤੇ ਉਨ੍ਹਾਂ ਦੇ ਸਥਾਨਕ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਲਮੇਲ ਵਾਲੀ ਛਾਪੇਮਾਰੀ ਕੀਤੀ ਗਈ। ਜੇਲ੍ਹਾਂ ਵਿੱਚ ਬੰਦ ਗੈਂਗ ਲੀਡਰਾਂ ਦੇ ਨੈੱਟਵਰਕ ਨੂੰ ਰੋਕਣ ਲਈ ਚੈਕਿੰਗ ਸਖ਼ਤ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਕਈ ਗਿ੍ਰਫਤਾਰੀਆਂ ਅਤੇ ਨਾਜਾਇਜ਼ ਹਥਿਆਰਾਂ ਤੇ ਮੋਬਾਈਲ ਫੋਨਾਂ ਦੀ ਬਰਾਮਦਗੀ ਹੋਈ, ਦੂਜੇ ਪੜਾਅ ਦੌਰਾਨ ਸ਼ੁਰੂਆਤੀ ਕਾਰਵਾਈ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਗੈਂਗਾਂ ਦੀ ਵਿੱਤੀ ਅਤੇ ਲੌਜਿਸਟਿਕ ਰੀੜ੍ਹ ਦੀ ਹੱਡੀ ਨੂੰ ਨਿਸ਼ਾਨਾ ਬਣਾਇਆ ਗਿਆ।ਪੁਲਸ ਨੇ ਸ਼ੂਟਰਾਂ ਅਤੇ ਹੈਂਡਲਰਾਂ ਵਿਰੁੱਧ ਕਾਰਵਾਈ ਤੇਜ਼ ਕੀਤੀ, ਫਿਰੌਤੀ ਦੇ ਪੈਸਿਆਂ ਦੇ ਸੋਰਸ ਲੱਭੇ ਅਤੇ ਅਪਰਾਧਿਕ ਕਮਾਈ ਨਾਲ ਬਣਾਈਆਂ ਜਾਇਦਾਦਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ।