180 ਈ ਟੀ ਟੀ ਅਧਿਆਪਕ ਐਸੋਸੀਏਸ਼ਨ ਦੇ ਮਸਲਿਆਂ ਦੇ ਹੱਲ ਦੀ ਪ੍ਰਕਿਰਿਆ ਤੇਜ਼

0
6

ਚੰਡੀਗੜ੍ਹ (ਗੁਰਜੀਤ ਬਿੱਲਾ)
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਇੱਥੇ ਵਿੱਤ ਅਤੇ ਸਿੱਖਿਆ ਵਿਭਾਗਾਂ ਨੂੰ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ ਮਸਲਿਆਂ ਦੇ ਹੱਲ ਲਈ ਇੱਕ ਹੰਗਾਮੀ ਸਾਂਝੀ ਮੀਟਿੰਗ ਬੁਲਾਉਣ ਦੇ ਨਿਰਦੇਸ਼ ਦਿੱਤੇ। ਇਹ ਨਿਰਦੇਸ਼ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਈ ਇੱਕ ਵਿਸਤਿ੍ਰਤ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ, ਜਿੱਥੇ ਯੂਨੀਅਨ ਦੇ ਨੁਮਾਇੰਦਿਆਂ ਨੇ ਆਪਣਾ ਪੱਖ ਪੂਰੇ ਵੇਰਵੇ ਸਹਿਤ ਪੇਸ਼ ਕੀਤਾ।ਯੂਨੀਅਨ ਦੇ ਵਫ਼ਦ ਦੀਆਂ ਗੱਲਾਂ ਨੂੰ ਬੜੇ ਧੀਰਜ ਅਤੇ ਧਿਆਨ ਨਾਲ ਸੁਣਨ ਤੋਂ ਬਾਅਦ ਚੀਮਾ ਨੇ ਕਿਹਾ, 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਵੱਲੋਂ ਉਠਾਏ ਗਏ ਮਸਲੇ ਗੰਭੀਰ ਅਤੇ ਸਮਾਂਬੱਧ ਵਿਚਾਰ ਦੇ ਹੱਕਦਾਰ ਹਨ। ਮੈਂ ਵਿੱਤ ਅਤੇ ਸਿੱਖਿਆ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇੱਕ ਹੰਗਾਮੀ ਸਾਂਝੀ ਮੀਟਿੰਗ ਕਰਨ ਤਾਂ ਜੋ ਸਾਰੀਆਂ ਜਾਇਜ਼ ਮੰਗਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਨਿਪਟਾਇਆ ਜਾ ਸਕੇ। ਮੀਟਿੰਗ ਵਿੱਚ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਸ਼ੌਕਤ ਅਹਿਮਦ ਪਰੈ, ਐਡੀਸ਼ਨਲ ਐਡਵੋਕੇਟ ਜਨਰਲ ਰਮਨਦੀਪ ਸਿੰਘ ਪੰਧੇਰ, ਵਿਸ਼ੇਸ਼ ਸਕੱਤਰ (ਪਰਸੋਨਲ) ਉਪਕਾਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਸੰਯੁਕਤ ਸਕੱਤਰ ਹਰਪ੍ਰੀਤ ਸਿੰਘ ਸਮੇਤ ਪ੍ਰਮੁੱਖ ਸਰਕਾਰੀ ਅਧਿਕਾਰੀਆਂ ਨੇ ਵਿਸਥਾਰ ਵਿੱਚ ਚਰਚਾ ਕੀਤੀ। ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ,‘ਐਡਵੋਕੇਟ ਜਨਰਲ ਦਫ਼ਤਰ ਅਤੇ ਸੀਨੀਅਰ ਵਿੱਤ ਅਧਿਕਾਰੀਆਂ ਦੀ ਮੁਹਾਰਤ ਸਦਕਾ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਐਸੋਸੀਏਸ਼ਨ ਦੇ ਮਸਲੇ ਦਾ ਸੁਚੱਜਾ, ਪਾਰਦਰਸ਼ੀ ਅਤੇ ਸਥਿਰ ਹੱਲ ਕੱਢਿਆ ਜਾ ਸਕੇ।’
ਮੀਟਿੰਗ ਦੌਰਾਨ 180 ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਨੁਮਾਇੰਦਗੀ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਠਾਕੁਰ ਦੇ ਨਾਲ ਸੋਹਣ ਸਿੰਘ, ਗੁਰਮੁਖ ਸਿੰਘ ਅਤੇ ਗੌਰਵ ਕਾਂਤ ਨੇ ਕੀਤੀ।