ਲੁਧਿਆਣਾ : ਪੁਲਸ ਨੇ ਸ਼ਹਿਰ ਵਿੱਚ ਇੱਕ ਨੌਂ ਸਾਲਾ ਬੱਚੇ ਦੇ ਬੇਰਹਿਮੀ ਨਾਲ ਕੀਤੇ ਕਤਲ ਮਾਮਲੇ ’ਚ ਮੁਲਜ਼ਮ ਦੀ ਗਿ੍ਰਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 20,000 ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। 7 ਫਰਵਰੀ ਨੂੰ ਕਾਸਾਬਾਦ ਇਲਾਕੇ ਵਿੱਚ ਇੱਕ ਖਾਲੀ ਪਲਾਟ ਦੇ ਨੇੜੇ ਝਾੜੀਆਂ ਵਿੱਚੋਂ ਅਮਨ ਦੀ ਲਾਸ਼ ਮਿਲੀ ਸੀ। ਉਸ ਦਾ ਗਲਾ ਵੱਢਿਆ ਹੋਇਆ ਸੀ। ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਲਾਸ਼ ਮਿਲਣ ਦੇ ਦੋ ਦਿਨ ਬਾਅਦ ਪੁਲਸ ਨੇ ਮੁਲਜ਼ਮ ਦੀ ਪਛਾਣ ਅਜੈ, ਵਾਸੀ ਕਾਸਾਬਾਦ ਵਜੋਂ ਕੀਤੀ ਹੈ। ਮੁਲਜ਼ਮ ਦੇ ‘ਲੋੜੀਂਦੇ’ ਪੋਸਟਰ ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਹਨ।ਮੁਲਜ਼ਮ ਦਾ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ ਵਿੱਚ ਨਾਂਅ ਸਾਹਮਣੇ ਆ ਚੁੱਕਿਆ ਹੈ। ਸਾਲ 2020 ’ਚ ਸੱਤ ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿੱਚ ਜੋਧੇਵਾਲ ਪੁਲਸ ਸਟੇਸ਼ਨ ਵਿੱਚ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਉਸ ਮਾਮਲੇ ਵਿੱਚ ਉਸ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।ਹਾਲਾਂਕਿ 2 ਫਰਵਰੀ ਨੂੰ ਜਦੋਂ ਉਸ ਨੂੰ ਡਾਕਟਰੀ ਜਾਂਚ ਲਈ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ, ਤਾਂ ਉਹ ਪੁਲਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਪੁਲਸ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।





