ਕੋਝੀ ਹਰਕਤ

0
1

ਦਿੱਲੀ ਯੂਨੀਵਰਸਿਟੀ ਦੀ ਆਰਟਸ ਫੈਕਲਟੀ ਵਿੱਚ ਵੀਰਵਾਰ ਸਮਾਜੀ ਨਿਆਂ ’ਤੇ ਕੇਂਦਰਤ ਸਾਹਿਤਕ ਪ੍ਰੋਗਰਾਮ ‘ਸਮਤਾ ਉਤਸਵ’ ਆਯੋਜਿਤ ਕੀਤਾ ਗਿਆ, ਜਿਸ ਦਾ ਉਦੇਸ਼ ਯੂਨੀਵਰਸਿਟੀ ਕੈਂਪਸਾਂ ਵਿੱਚ ਜਾਤਵਾਦ ਦੇ ਖਿਲਾਫ ਆਵਾਜ਼ ਉਠਾਉਣਾ ਸੀ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਪੱਛੜੀਆਂ ਜਾਤਾਂ ਦੇ ਵਿਦਿਆਰਥੀਆਂ ਨਾਲ ਜਾਤ ਦੇ ਆਧਾਰ ’ਤੇ ਵਿਤਕਰੇ ਵਿਰੁੱਧ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ ਜੀ ਸੀ) ਦੇ ਨਿਯਮਾਂ ’ਤੇ ਸੁਪਰੀਮ ਕੋਰਟ ਵੱਲੋਂ ਲਾਈ ਗਈ ਰੋਕ ਹਟਾਉਣ ਤੇ ‘ਰੋਹਿਤ ਐਕਟ’ ਲਾਗੂ ਕਰਨ ਦੀ ਮੰਗ ਵੀ ਉਠਾਈ ਗਈ। ਜਦੋਂ ਨਾਮਵਰ ਇਤਿਹਾਸਕਾਰ ਪ੍ਰੋਫੈਸਰ ਐੱਸ ਇਰਫਾਨ ਹਬੀਬ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾ ’ਤੇ ਪਾਣੀ ਦੀ ਬਾਲਟੀ ਤੇ ਕੂੜਾਦਾਨ ਸੁੱਟਿਆ ਗਿਆ। ਆਈਸਾ ਮੁਤਾਬਕ ਇਹ ਹਮਲਾ ਆਰ ਐੱਸ ਐੱਸ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁੰਨਾਂ ਨੇ ਕੀਤਾ।
ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਨੇ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਇਹ ਡਰਾਉਣ ਦੀ ਕੋਸ਼ਿਸ਼ ਸੀ। ਵਿਚਾਰਾਂ ਨਾਲ ਵਿਚਾਰਾਂ ਦਾ ਮੁਕਾਬਲਾ ਹੋਣਾ ਚਾਹੀਦਾ ਹੈ, ਹਿੰਸਾ, ਧਮਕੀ ਤੇ ਗੁੰਡਾਗਰਦੀ ਨਾਲ ਨਹੀਂ। ਅਜਿਹੇ ਕਾਰੇ ਦੱਖਣਪੰਥੀ ਤਾਕਤਾਂ ਦੀ ਡੂੰਘੀ ਅਸੁਰੱਖਿਆ ਨੂੰ ਦਰਸਾਉਦੇ ਹਨ, ਜਿਹੜੀਆਂ ਆਜ਼ਾਦੀ ਨਾਲ ਸੋਚਣ ਤੇ ਖੁੱਲ੍ਹੀ ਬਹਿਸ ਤੋਂ ਡਰਦੀਆਂ ਹਨ। ਪੂਰੇ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਸੌੜੀ ਤੇ ਅਸਹਿਣਸ਼ੀਲ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾ ਪ੍ਰੋਫੈਸਰ ਹਬੀਬ ਨਾਲ ਪੂਰੀ ਯਕਜਹਿਤੀ ਦਾ ਪ੍ਰਗਟਾਵਾ ਕਰਦਿਆਂ ਦੁਹਰਾਇਆ ਕਿ ਵਿਚਾਰਾਂ ਦਾ ਖੁੱਲ੍ਹਾ ਪ੍ਰਵਾਹ ਲੋਕਤੰਤਰ ਲਈ ਜ਼ਰੂਰੀ ਹੈ, ਇਸ ਨੂੰ ਦਬਾਇਆ ਨਹੀਂ ਜਾ ਸਕਦਾ। ਦਿੱਲੀ ਯੂਨੀਵਰਸਿਟੀ ਦੇ ਹੀ ਪ੍ਰੋਫੈਸਰ ਅਪੂਰਵਾਨੰਦ ਦਾ ਕਹਿਣਾ ਹੈ ਕਿ ਹਿੰਦੁਤਵਵਾਦੀ ਹਿੰਸਾ ਨਾਲ ਬੁੱਧੀਜੀਵੀਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪ੍ਰੋ. ਹਬੀਬ ਨੇ ਯੂਨੀਵਰਸਿਟੀ ਕੈਂਪਸ ਨੂੰ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਖੁੱਲ੍ਹਾ ਮੰਚ ਦੱਸਦਿਆਂ ਕਿਹਾ ਕਿ ਅਸਹਿਮਤੀ ਦਾ ਜਵਾਬ ਬਹਿਸ ਨਾਲ ਦਿੱਤਾ ਜਾਣਾ ਚਾਹੀਦਾ ਹੈ, ਨਾ ਕਿ ਹਿੰਸਾ ਨਾਲ। ਯੂਨੀਵਰਸਿਟੀ ਕੈਂਪਸ ਦੁਨੀਆ ਦੀਆਂ ਵਿਭਿੰਨ ਆਵਾਜ਼ਾਂ ਦੀ ਨੁਮਾਇੰਦਗੀ ਕਰਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਸਾਰੇ ਲੋਕ ਸਿਰਫ ਤੁਹਾਡੀ ਹੀ ਭਾਸ਼ਾ ਬੋਲਣ ਤੇ ਇੱਕ ਹੀ ਵਿਚਾਰਧਾਰਾ ਹੋਵੇ, ਤਾਂ ਇਹ ਕਿਸੇ ਲਈ ਠੀਕ ਨਹੀਂ ਹੈ, ਨਾ ਖੱਬੇ-ਪੱਖੀਆਂ ਲਈ ਤੇ ਨਾ ਸੱਜੇ-ਪੱਖੀਆਂ ਲਈ। ਜੇ ਤੁਸੀਂ ਜਵਾਬ ਦੇਣਾ ਹੈ ਤਾਂ ਬੋਲੋ, ਲਿਖੋੋ, ਕਾਉਂਟਰ ਕਰੋ, ਪਰ ਗੁੰਡਾਗਰਦੀ ਕੋਈ ਤਰੀਕਾ ਨਹੀਂ। ਪ੍ਰੋ. ਹਬੀਬ ਮੁਤਾਬਕ ਹਾਲੀਆ ਕੁਝ ਸਾਲਾਂ ਵਿੱਚ ਕੈਂਪਸ ਦੇ ਹਾਲਾਤ ਬਹੁਤ ਖਰਾਬ ਹੋਏ ਹਨ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਨਹੀਂ ਲੱਗਦਾ ਕਿ ਨਿਸ਼ਾਨੇ ’ਤੇ ਉਹ ਸਨ, ਸਗੋਂ ਇੱਕ ਸੋਚ ਸੀ, ਜਿਸ ਦਾ ਉਹ ਹਿੱਸਾ ਹਨ। ਘਟਨਾ ਦੇ ਬਾਅਦ ਵੀ ਪ੍ਰੋ. ਹਬੀਬ ਨੇ ਆਪਣੀ ਗੱਲ ਜਾਰੀ ਰੱਖੀ ਤੇ ਪੂਰੀ ਕੀਤੀ। ਉਨ੍ਹਾ ਮੁਤਾਬਕ ਜੇ ਉਹ ਡਰ ਜਾਂਦੇ ਤੇ ਚੁੱਪ ਹੋ ਜਾਂਦੇ ਤਾਂ ਹਮਲਾ ਕਰਨ ਵਾਲਿਆਂ ਦੀ ਜਿੱਤ ਹੋਣੀ ਸੀ।
ਅਜਿਹੀਆਂ ਹੋਰਨਾਂ ਘਟਨਾਵਾਂ ਵਾਂਗ ਦਿੱਲੀ ਯੂਨੀਵਰਸਿਟੀ ਦੀ ਇਹ ਘਟਨਾ ਦਿਖਾਉਦੀ ਹੈ ਕਿ ਦੱਖਣਪੰਥੀ ਤਾਕਤਾਂ ਦਾ ਹੌਸਲੇ ਨਾਲ ਮੁਕਾਬਲਾ ਕਰਨਾ ਪੈਣਾ ਹੈ, ਜਿਵੇਂ ਪ੍ਰੋਫੈਸਰ ਹਬੀਬ ਨੇ ਕੀਤਾ। ਪ੍ਰੋਫੈਸਰ ਹਬੀਬ ਤੇ ਉਨ੍ਹਾ ਦੀ ਸੋਚ ਦੇ ਹੱਕ ਵਿੱਚ ਦੇਸ਼ ਭਰ ’ਚੋਂ ਆਵਾਜ਼ਾਂ ਉੱਠਣੀਆਂ ਚਾਹੀਦੀਆਂ ਹਨ।