ਨਿਊ ਯਾਰਕ : ਖਾਲਿਸਤਾਨੀ ਅਤੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 24 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਅਮਰੀਕੀ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। 54 ਸਾਲਾ ਨਿਖਿਲ ਗੁਪਤਾ ਨੇ ਨਿਊ ਯਾਰਕ ਦੀ ਮੈਨਹਟਨ ਫੈਡਰਲ ਅਦਾਲਤ ਵਿੱਚ ਮੰਨਿਆ ਕਿ ਉਹ ਇਸ ਸਾਜ਼ਿਸ਼ ਦਾ ਹਿੱਸਾ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 24 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ, ਜਿਸ ਦਾ ਰਸਮੀ ਐਲਾਨ 29 ਮਈ ਨੂੰ ਜੱਜ ਵਿਕਟਰ ਮਾਰੇਰੋ ਵੱਲੋਂ ਕੀਤਾ ਜਾਵੇਗਾ।
ਅਮਰੀਕੀ ਜਾਂਚ ਏਜੰਸੀ ਅਤੇ ਨਿਆਂ ਵਿਭਾਗ ਮੁਤਾਬਕ ਨਿਖਿਲ ਗੁਪਤਾ ‘ਤੇ ਦੋਸ਼ ਸੀ ਕਿ ਉਸ ਨੇ ਇੱਕ ਭਾਰਤੀ ਸਰਕਾਰੀ ਅਧਿਕਾਰੀ (ਜਿਸ ਦੀ ਪਛਾਣ ਵਿਕਾਸ ਯਾਦਵ ਵਜੋਂ ਹੋਈ ਸੀ) ਦੇ ਨਿਰਦੇਸ਼ਾਂ ‘ਤੇ ਅਮਰੀਕੀ ਧਰਤੀ ‘ਤੇ ਪੰਨੂ ਨੂੰ ਮਾਰਨ ਲਈ 1 ਲੱਖ ਡਾਲਰ ਦੀ ਸੁਪਾਰੀ ਦਿੱਤੀ ਸੀ। ਨਿਖਿਲ ਨੇ ਇਸ ਸੰਬੰਧੀ ਇੱਕ ਜਣੇ ਨਾਲ ਸੰਪਰਕ ਕੀਤਾ ਸੀ, ਜੋ ਅਸਲ ਵਿੱਚ ਅਮਰੀਕੀ ਏਜੰਸੀਆਂ ਦਾ ਇੱਕ ਅੰਡਰਕਵਰ ਏਜੰਟ ਨਿਕਲਿਆ। ਨਿਖਿਲ ਨੇ ਜੂਨ 2023 ਵਿੱਚ ਇਸ ਕੰਮ ਲਈ 15,000 ਡਾਲਰ ਦੀ ਐਡਵਾਂਸ ਰਕਮ ਵੀ ਅਦਾ ਕੀਤੀ ਸੀ।ਨਿਖਿਲ ਗੁਪਤਾ ‘ਤੇ ਮਰਡਰ-ਫਾਰ-ਹਾਇਰ (ਭਾੜੇ ‘ਤੇ ਕਤਲ ਕਰਵਾਉਣਾ) ਪੰਨੂ ਨੂੰ ਮਾਰਨ ਲਈ ਪੈਸਿਆਂ ਦਾ ਲੈਣ-ਦੇਣ ਕਰਨਾ, ਇੱਕ ਅਮਰੀਕੀ ਨਾਗਰਿਕ ਦੀ ਜਾਨ ਲੈਣ ਦੀ ਯੋਜਨਾ ਵਿੱਚ ਸ਼ਾਮਲ ਹੋਣ, ਮਨੀ ਲਾਂਡਰਿੰਗ ਦੀ ਸਾਜ਼ਿਸ਼, ਕਤਲ ਦੇ ਕੰਮ ਲਈ ਪੈਸੇ ਦੀ ਗੈਰ-ਕਾਨੂੰਨੀ ਹੇਰਾਫੇਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।ਨਿਖਿਲ ਨੂੰ 30 ਜੂਨ, 2023 ਨੂੰ ਚੈੱਕ ਗਣਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਜੂਨ 2024 ਵਿੱਚ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਉਦੋਂ ਤੋਂ ਉਹ ਬਰੂਕਲਿਨ ਦੀ ਜੇਲ੍ਹ ਵਿੱਚ ਸੀ। ਸ਼ੁਰੂ ਵਿੱਚ ਉਸ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ, ਪਰ ਹੁਣ ਅਦਾਲਤ ਵਿੱਚ ਸਾਰੇ ਦੋਸ਼ ਸਵੀਕਾਰ ਕਰ ਲਏ ਹਨ।




