ਤਰਕਸ਼ੀਲ ਮੇਲੇ ’ਚ ਨਾਟਕ ਨੇ ਉਭਾਰਿਆ ਸਵਾਲ : ਕਿੱਥੇ ਐ ਸਾਡੇ ਹਿੱਸੇ ਦੀ ਜ਼ਮੀਨ?

0
13

ਸ਼ਾਹਕੋਟ. (ਗਿਆਨ ਸੈਦਪੁਰੀ)
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ ਕਰਵਾਏ ਗਏ ਤਰਕਸ਼ੀਲ ਨਾਟਕ ਮੇਲੇ ’ਚ ਅਦਾਕਾਰ ਮੰਚ ਮੋਹਾਲੀ ਵੱਲੋਂ ਖੇਡਿਆ ਗਿਆ ਨਾਟਕ ‘ਲੱਛੂ ਕਬਾੜੀਆ’ ਸਦੀਆਂ ਤੋਂ ਲਿਤਾੜੇ ਦਲਿਤ ਵਰਗ ਦੀ ਦੁੱਖਾਂ ਭਰੀ ਕਹਾਣੀ ਬਿਆਨ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ। ਨਾਟਕ ਵੇਖਦਿਆਂ ਜਿੱਥੇ ਦਰਸ਼ਕਾਂ ਦੀਆਂ ਪਲਕਾਂ ’ਚ ਅੱਥਰੂ ਤੈਰਦੇ ਰਹੇ, ਉੱਥੇ ਜ਼ਿੰਦਗੀ ਨੂੰ ਚੰਗੇਰਾ ਬਣਾਉਣ ਲਈ ਉਤਸ਼ਾਹ ਤੇ ਊਰਜਾ ਵੀ ਮਿਲਦੀ ਰਹੀ। ਡਾ. ਸਾਹਿਬ ਸਿੰਘ ਦੀ ਇਹ ਕਲਾਤਮਿਕ ਪੇਸ਼ਕਾਰੀ ਅਨੇਕਾਂ ਸਵਾਲ ਖੜੇ ਕਰਦੀ ਰਹੀ ਅਤੇ ਉਨ੍ਹਾਂ ਦੇ ਹੱਲ ਲਈ ਹੱਲਾਸ਼ੇਰੀ ਵੀ ਦਿੰਦੀ ਰਹੀ।ਨਾਟਕ ਵਿੱਚ ਇੱਕ ਥਾਂ ਪੱਠਿਆਂ ਦੀ ਪੰਡ ਬਦਲੇ ਮਜ਼ਦੂਰ ਔਰਤ ਦੀ ਪੱਤ ਦੇ ਸਵਾਲ ’ਤੇ ਪੇਂਡੂ ਧਨਾਡ ਨਾਲ ਨਾਟਕ ਦਾ ਪਾਤਰ ਖਹਿਬੜਦਾ ਹੈ ਤਾਂ ਉਹ ਅੱਗੋਂ ਕਹਿੰਦਾ ਹੈ, ‘ਜੇ ਅਣਖ ਏਨੀ ਆਂ ਹੁਜਾਂ ਮਾਰਦੀ ਹੈਂ ਤਾਂ ਆਪਣੀ ਜ਼ਮੀਨ ਖਰੀਦ ਲੈ’ ਉਸ ਵੇਲੇ ‘ਲੱਛੂ’ ਤੜਪ ਨਾਲ ਭਰ ਜਾਂਦਾ ਹੈ ਤੇ ਜ਼ੋਰ ਨਾਲ ਆਵਾਜ਼ ਉਠਾਉਂਦਾ ਸਵਾਲ ਪੁੱਛਦਾ ਹੈ ਕਿ ਕਿੱਥੇ ਹੈ ਸਾਡੇ ਹਿੱਸੇ ਦੀ ਜ਼ਮੀਨ? ਦਰਅਸਲ ਨਾਟਕ ਦੇ ਪਾਤਰ ਵੱਲੋਂ ਉਠਾਇਆ ਇਹ ਸਵਾਲ ਛੋਟਾ ਨਹੀਂ, ਬਲਕਿ ਬਹੁਤ ਵੱਡਾ ਹੈ। ਇਹ ਸਮੁੱਚੇ ਦਲਿਤ ਵਰਗ ਦੀ ਹੋਣੀ ਨਾਲ ਜੁੜਿਆ ਹੋਇਆ ਹੈ। ਦੁੱਖਾਂ-ਦਰਦਾਂ ਦੀਆਂ ਅਨੇਕਾਂ ਕਹਾਣੀਆਂ ਪਾਉਂਦਾ ਇਹ ਨਾਟਕ ਉਸ ਵੇਲੇ ਸੁਖਾਂਤ ਵੱਲ ਮੋੜਾ ਕੱਟ ਲੈਂਦਾ ਹੈ, ਜਦੋਂ ਪਿੰਡ ਦੀ ਕਿਸਾਨੀ ਧਿਰ ਦਾ ਬਖਤੌਰ ਸਿੰਘ ਲੱਛੂ ਨਾਲ ਕਰੰਗੜੀ ਪਾਉਂਦਾ ਹੈ। ਕਿਸਾਨਾਂ ਤੇ ਮਜ਼ਦੂਰਾਂ ਦਾ ਇਕੱਠੇ ਹੋ ਕੇ ਨਵੇਂ ਰਾਹ ਤਲਾਸ਼ਣ ਦੀ ਪ੍ਰੇਰਨਾ ਦਾ ਬਿਰਤਾਂਤ ਸਿਰਜਦਾ ਨਾਟਕ ਸਮਾਪਤ ਹੁੰਦਾ ਹੈ।
ਤਰਕਸ਼ੀਲ ਮੇਲੇ ਵਿੱਚ ਨਾਟਕ ਤੋਂ ਪਹਿਲਾਂ ਅਵਤਾਰ ਚੜਿੱਕ ਤੇ ਵਰਮਾ ਵੱਲੋਂ ਭੰਡਾਂ ਦੀ ਪੇਸ਼ਕਾਰੀ ਰਾਹੀਂ ਸਿਆਸੀ ਲੋਕਾਂ ’ਤੇ ਖੂਬ ਤਨਜ਼ ਕੱਸੇ। ਫੁਲਵਾੜੀ ਸਕੂਲ ਲੋਹੀਆਂ ਖਾਸ ਦੀਆਂ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਮਲਵਈ ਗਿੱਧਾ ਪੇਸ਼ ਕੀਤਾ ਗਿਆ। ਇਹ ਗਿੱਧਾ ਦਰਸ਼ਕਾਂ ’ਤੇ ਬਹੁਤ ਵਧੀਆ ਪ੍ਰਭਾਵ ਛੱਡ ਗਿਆ|
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂ ਭੂਰਾ ਸਿੰਘ ਮਹਿਮਾ ਸਰਜਾ ਨੇ ਇਤਿਹਾਸਕ ਹਵਾਲਿਆਂ ਨਾਲ ਅੰਧ-ਵਿਸ਼ਵਾਸ ਨਾਲ ਹੁੰਦੇ ਨੁਕਸਾਨ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਬਣਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਵਿਗਿਆਨਕ ਹੋਣਾ ਹੋਰ ਗੱਲ ਹੈ, ਪਰ ਵਿਗਿਆਨਕ ਦ੍ਰਿਸ਼ਟੀਕੋਣ ਵਧੇਰੇ ਮਹੱਤਵਪੂਰਨ ਹੈ| ਪ੍ਰਬੰਧਕਾਂ ਨੇ ਰਤਨ ਪਾਲ ਮਹਿਮੀ, ਸੰਤੋਖ ਸਿੰਘ ਮਹਿਮੀ (ਇੰਗਲੈਂਡ) ਅਤੇ ਸੋਹਣ ਸਿੰਘ ਥਿੰਦ (ਯੂ ਐੱਸ ਏ) ਨੂੰ ਸਨਮਾਨਿਤ ਕੀਤਾ। ਪਿਛਲੇ ਸਾਲ ਸੁਸਾਇਟੀ ਵੱਲੋਂ ਲਈ ਗਈ ਚੇਤਨਾ ਪਰਖ ਪ੍ਰੀਖਿਆ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ| ਤਰਕਸ਼ੀਲ ਮੇਲੇ ਦੇ ਸ਼ੁਰੂ ਵਿੱਚ ਅਮਨ ਬਾਗਪੁਰ ਨੇ ਸਭ ਦਾ ਸਵਾਗਤ ਕੀਤਾ। ਜਿੰਦਰ ਬਾਗਪੁਰ ਨੇ ਸਟੇਜ ਸੰਚਾਲਨ ਕੀਤਾ।ਅੰਤ ਵਿੱਚ ਤਰਕਸ਼ੀਲ ਸੁਸਾਇਟੀ ਦੀ ਇਕਾਈ ਸ਼ਾਹਕੋਟ ਦੇ ਮੁਖੀ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ ਨੇ ਸਭ ਦਾ ਧੰਨਵਾਦ ਕੀਤਾ|