ਸੰਗਰੂਰ : ਉਦਯੋਗਪਤੀ ਤੋਂ ਸਿਆਸਤਦਾਨ ਬਣੇ ਅਰਵਿੰਦ ਖੰਨਾ ਨੇ ਐਤਵਾਰ ਆਪਣੇ ਘਰ ਭਾਜਪਾ ਨੂੰ ਛ¾ਡ ਕੇ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿ¾ਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ| ਖੰਨਾ ਕੁਝ ਸਮੇਂ ਤੋਂ ਭਾਜਪਾ ਦੀ ਸੂਬਾਈ ਲੀਡਰਸ਼ਿਪ ਦੀ ਕਾਰਜ ਪ੍ਰਣਾਲੀ ਤੋਂ ਨਾਖੁਸ਼ ਚੱਲ ਰਹੇ ਸਨ| ਖੰਨਾ ਸਾਲ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਪਾਰਟੀ ਨੇ ਉਨ੍ਹਾ ਨੂੰ ਪੰਜਾਬ ਇਕਾਈ ਦਾ ਉਪ-ਪ੍ਰਧਾਨ ਵੀ ਨਿਯੁਕਤ ਕੀਤਾ ਸੀ| ਖੰਨਾ ਦੇ ਨਾਲ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ, ਸਾਬਕਾ ਕੌਂਸਲ ਪ੍ਰਧਾਨ ਹਰਬੰਸ ਸਿੰਘ ਗਰਚਾ ਤੇ ਬਲਾਕ ਪ੍ਰਧਾਨ ਸਮੇਤ ਵਰਕਰਾਂ ਨੇ ਵੀ ਅਕਾਲੀ ਦਲ ਦਾ ਪੱਲਾ ਫੜਿਆ| ਉਨ੍ਹਾ ਭਾਜਪਾ ਦੀ ਟਿਕਟ ’ਤੇ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਸੰਗਰੂਰ ਹਲਕੇ ਤੋਂ ਲੜੀਆਂ ਸਨ, ਹਾਲਾਂਕਿ ਦੋਵਾਂ ਚੋਣਾਂ ਵਿੱਚ ਉਨ੍ਹਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ| ਖੰਨਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਨ| ਉਨ੍ਹਾ ਉਮੀਦ ਫਾਊਂਡੇਸ਼ਨ ਰਾਹੀਂ ਕਈ ਸਾਲਾਂ ਤੱਕ ਸੰਗਰੂਰ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਨਾਮਣਾ ਖੱਟਿਆ| ਉਹ ਪਹਿਲੀ ਵਾਰ 2002 ਵਿੱਚ ਕਾਂਗਰਸ ਦੀ ਟਿਕਟ ’ਤੇ ਸੰਗਰੂਰ ਵਿਧਾਨ ਸਭਾ ਹਲਕਾ ਜਿੱਤ ਕੇ ਵਿਧਾਇਕ ਬਣੇ ਸਨ| ਉਹ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਸਨ, ਪਰ ਸੁਖਦੇਵ ਸਿੰਘ ਢੀਂਡਸਾ ਤੋਂ ਹਾਰ ਗਏ ਸਨ| ਉਨ੍ਹਾ 2012 ਵਿੱਚ ਧੂਰੀ ਹਲਕੇ ਤੋਂ ਭਾਰੀ ਜਿੱਤ ਹਾਸਲ ਕੀਤੀ ਸੀ| ਉਸ ਸਮੇਂ ਕਾਂਗਰਸ ਸਰਕਾਰ ਨਹੀਂ ਬਣ ਸਕੀ, ਤਾਂ ਉਨ੍ਹਾ ਦੋ ਸਾਲ ਬਾਅਦ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਸੀ|





