ਫੋਨ ਨਾ ਚੁੱਕਣ ‘ਤੇ ਸਪੀਕਰ ਸਖ਼ਤ

0
13

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਅਫਸਰ ਹੁਣ ਵਿਧਾਨ ਸਭਾ ਦੇ ਨਿਸ਼ਾਨੇ ‘ਤੇ ਹਨ | ਵਿਧਾਨ ਸਭਾ ਸਪੀਕਰ ਕੁਲਦੀਪ ਪਠਾਨੀਆ ਨੇ ਅਫਸਰਾਂ ਵੱਲੋਂ ਵਿਧਾਇਕਾਂ ਦੇ ਫੋਨ ਨਾ ਚੁੱਕਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ | ਇਹ ਮੁੱਦਾ ਗਗਰੇਟ ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਕਾਲੀਆ ਨੇ ਸਦਨ ਵਿੱਚ ਚੁੱਕਿਆ | ਉਨ੍ਹਾਂ ਕਿਹਾ ਕਿ ਜੇਕਰ ਅਫ਼ਸਰ ਜਨਤਕ ਮੁੱਦਿਆਂ ‘ਤੇ ਲੋਕ ਨੁਮਾਇੰਦਿਆਂ ਦੇ ਫੋਨ ਹੀ ਨਹੀਂ ਚੁੱਕਦੇ, ਤਾਂ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਟੈਲੀਫੋਨ ਭੱਤਾ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ | ਕਾਲੀਆ ਦੇ ਇਸ ਬਿਆਨ ਦਾ ਹੋਰਨਾਂ ਵਿਧਾਇਕਾਂ ਨੇ ਵੀ ਮੇਜ਼ ਥੱਪਥਪਾ ਕੇ ਸਮਰਥਨ ਕੀਤਾ | ਸਪੀਕਰ ਕੁਲਦੀਪ ਪਠਾਨੀਆ ਨੇ ਵਿਧਾਇਕ ਕਾਲੀਆ ਨੂੰ ਅਜਿਹੇ ਅੜੀਅਲ ਅਫਸਰਾਂ ਦੇ ਨਾਂਅ ਲਿਖਤੀ ਰੂਪ ਵਿੱਚ ਵਿਧਾਨ ਸਭਾ ਸਕੱਤਰੇਤ ਨੂੰ ਦੇਣ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ |
ਨਿਊਜ਼ੀਲੈਂਡ ਦੀ ਕੈਨੇਡਾ ‘ਤੇ ਆਸਾਨ ਜਿੱਤ
ਚੇਨਈ : ਚੇਨਈ ਵਿੱਚ ਖੇਡੇ ਗਏ ਟੀ-20 ਵਰਲਡ ਕੱਪ ਦੇ ਗਰੁੱਪ-ਡੀ ਦੇ ਇੱਕ ਅਹਿਮ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਕੈਨੇਡਾ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ | ਕੈਨੇਡਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19 ਸਾਲਾ ਨੌਜਵਾਨ ਬੱਲੇਬਾਜ਼ ਯੁਵਰਾਜ ਸਮਰਾ ਦੇ ਸ਼ਾਨਦਾਰ 110 ਦੌੜਾਂ (65 ਗੇਂਦਾਂ) ਦੇ ਦਮ ‘ਤੇ 173 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ | ਯੁਵਰਾਜ ਸਮਰਾ ਟੀ-20 ਵਰਲਡ ਕੱਪ ਇਤਿਹਾਸ ਵਿੱਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ | ਕੈਨੇਡਾ ਦੇ ਕਪਤਾਨ ਦਿਲਪ੍ਰੀਤ ਬਾਜਵਾ ਨੇ ਵੀ 36 ਦੌੜਾਂ ਦਾ ਯੋਗਦਾਨ ਪਾਇਆ, ਪਰ ਇਨ੍ਹਾਂ ਦੋਵਾਂ ਦੀ ਮਿਹਨਤ ਕੀਵੀ ਬੱਲੇਬਾਜ਼ਾਂ ਦੇ ਤੂਫ਼ਾਨ ਅੱਗੇ ਫਿੱਕੀ ਪੈ ਗਈ | ਨਿਊਜ਼ੀਲੈਂਡ ਨੇ 174 ਦੌੜਾਂ ਦੇ ਟੀਚੇ ਨੂੰ ਮਹਿਜ਼ 15.1 ਓਵਰਾਂ ਵਿੱਚ ਹੀ ਹਾਸਲ ਕਰ ਲਿਆ | ਰਚਿਨ ਰਵਿੰਦਰਾ (ਨਾਬਾਦ 59) ਅਤੇ ਗਲੇਨ ਫਿਲਿਪਸ (ਨਾਬਾਦ 77) ਨੇ ਤੀਜੀ ਵਿਕਟ ਲਈ 146 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਮੈਚ ਨੂੰ ਇਕਪਾਸੜ ਬਣਾ ਦਿੱਤਾ |
ਜੰਮੂ ਦੀ ਜੇਲ੍ਹ ‘ਚੋਂ 3 ਕੈਦੀ ਫਾਇਰਿੰਗ ਕਰਨ ਤੋਂ ਬਾਅਦ ਫਰਾਰ
ਜੰਮੂ : ਜੰਮੂ ਜ਼ਿਲ੍ਹੇ ਦੇ ਆਰ ਐਸ ਪੁਰਾ ਬਾਲ ਸੁਧਾਰ ਘਰ ਤੋਂ ਸੋਮਵਾਰ ਸ਼ਾਮ ਨੂੰ ਦੋ ਪਾਕਿਸਤਾਨੀ ਨਾਗਰਿਕਾਂ ਸਮੇਤ ਤਿੰਨ ਕੈਦੀਆਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਉਨ੍ਹਾਂ ਨੇ ਡਿਊਟੀ ‘ਤੇ ਤਾਇਨਾਤ ਪੁਲਸ ਕਰਮਚਾਰੀਆਂ ‘ਤੇ ਫਾਇਰਿੰਗ ਕੀਤੀ, ਜਿਸ ਕਰਕੇ ਦੋ ਮੁਲਾਜ਼ਮ ਜ਼ਖਮੀ ਹੋਏ ਹਨ | ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋਈ ਹੈ | ਭੱਜਣ ਵਾਲੇ ਕੈਦੀਆਂ ਦੀ ਪਛਾਣ ਆਰ ਐੱਸ ਪੁਰਾ ਦੇ ਦਬਡੇਲ ਦੇ ਰਹਿਣ ਵਾਲੇ ਕਰਨਜੀਤ ਸਿੰਘ ਉਰਫ਼ ਗੁੱਗਾ, ਪਾਕਿਸਤਾਨੀ ਨਾਗਰਿਕ ਮੁਹੰਮਦ ਸੁਨਾ ਉੱਲ੍ਹਾ ਅਤੇ ਅਹਿਸਾਨ ਅਨਵਰ ਵਜੋਂ ਹੋਈ ਹੈ |