ਜੰਮੂ-ਕਸ਼ਮੀਰ ਰਾਜ ਦੀ ਬਹਾਲੀ ਛੇਤੀ : ਮੇਘਵਾਲ

0
11

ਸ੍ਰੀਨਗਰ : ਕੇਂਦਰੀ ਨਿਆਂ ਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਮੰਗਲਵਾਰ ਕਿਹਾ ਕਿ ਜੰਮੂ-ਕਸ਼ਮੀਰ ਦਾ ਰਾਜ ਦਾ ਰੁਤਬਾ ਬਹਾਲ ਕਰਨ ਦਾ ਫੈਸਲਾ ਬਹੁਤ ਛੇਤੀ ਸੁਣਨ ਨੂੰ ਮਿਲੇਗਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਮੁੱਦਾ ਬਹੁਤ ਨਾਜ਼ੁਕ ਹੈ, ਪਰ ਕਿਹਾ ਕਿ ਕੇਂਦਰ ਇਸ ਬਾਰੇ ਵਚਨਬੱਧ ਹੈ | ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਲੋਕ ਡੇਢ ਸਾਲ ਤੋਂ ਰੁਤਬਾ ਬਹਾਲੀ ਦੀ ਉਡੀਕ ਕਰ ਰਹੇ ਹਨ ਅਤੇ ਆਸ ਹੈ ਕਿ ਇਹ ਫੈਸਲਾ ਛੇਤੀ ਲੈ ਲਿਆ ਜਾਵੇਗਾ |
ਸਲੀਮ ਖਾਨ ਹਸਪਤਾਲ ਦਾਖਲ
ਮੁੰਬਈ : ਹਿੰਦੀ ਸਿਨੇਮਾ ਦੇ ਦਿੱਗਜ ਲੇਖਕ ਸਲੀਮ ਖਾਨ ਨੂੰ ਮੰਗਲਵਾਰ ਸਵੇਰੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ | ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਹਸਪਤਾਲ ਦੇ ਆਈ.ਸੀ.ਯੂ. ਵਿੱਚ ਰੱਖਿਆ ਗਿਆ ਹੈ, ਜਿੱਥੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਹੈ | 90 ਸਾਲਾ ਸਲੀਮ ਖਾਨ, ਜਿਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਆਪਣਾ ਜਨਮ ਦਿਨ ਮਨਾਇਆ ਸੀ, ਬੌਲੀਵੁੱਡ ਦੇ ਸਭ ਤੋਂ ਸਤਿਕਾਰਤ ਲੇਖਕਾਂ ਵਿੱਚੋਂ ਇੱਕ ਹਨ | ਆਪਣੇ ਪਿਤਾ ਦੀ ਸਿਹਤ ਦਾ ਹਾਲ ਜਾਨਣ ਲਈ ਸੁਪਰਸਟਾਰ ਸਲਮਾਨ ਖਾਨ ਨੂੰ ਵੀ ਹਸਪਤਾਲ ਦੇ ਬਾਹਰ ਦੇਖਿਆ ਗਿਆ | ਸਲੀਮ ਖਾਨ ਨੇ 70 ਦੇ ਦਹਾਕੇ ਵਿੱਚ ਜਾਵੇਦ ਅਖਤਰ ਨਾਲ ਮਿਲ ਕੇ ‘ਸ਼ੋਲੇ’, ‘ਦੀਵਾਰ’ ਅਤੇ ‘ਜ਼ੰਜੀਰ’ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਲਿਖ ਕੇ ਭਾਰਤੀ ਸਿਨੇਮਾ ਨੂੰ ਨਵੀਂ ਦਿਸ਼ਾ ਦਿੱਤੀ ਸੀ |
ਮਹਿਲਾ ‘ਤੇ ਸੁੱਟਿਆ ਤੇਜ਼ਾਬ
ਲੁਧਿਆਣਾ : ਇੱਥੇ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਨੇ 40 ਸਾਲਾ ਮਹਿਲਾ ਮਜ਼ਦੂਰ ‘ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ ਹੈ | ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ | ਤੇਜ਼ਾਬ ਨਾਲ ਹਮਲੇ ਦੀ ਇਹ ਘਟਨਾ ਲੁਧਿਆਣਾ ਦੀ ਦੁਗਰੀ ਕਾਲੋਨੀ ਵਿੱਚ ਸਾਹਮਣੇ ਆਈ ਹੈ | ਪੀੜਤ ਮਹਿਲਾ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਤਿੰਨ ਬੱਚਿਆਂ ਦੀ ਮਾਂ ਹੈ | ਹਮਲਾਵਰ ਨੇ ਕੁਝ ਪੁੱਛਣ ਦੇ ਬਹਾਨੇ ਮਹਿਲਾ ਨੂੰ ਆਪਣੇ ਵੱਲ ਬੁਲਾਇਆ, ਜਿਸ ਤੋਂ ਬਾਅਦ ਉਸ ਨੇ ਉਸ ‘ਤੇ ਤੇਜ਼ਾਬ ਸੁੱਟ ਦਿੱਤਾ | ਇਸ ਹਮਲੇ ਵਿੱਚ ਮਹਿਲਾ ਦਾ ਚਿਹਰਾ ਅਤੇ ਅੱਖਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ | ਹੈਲਮੇਟ ਪਹਿਨੇ ਹੋਏ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ | ਪੁਲਸ ਹਮਲਾਵਰ ਦਾ ਪਤਾ ਲਗਾਉਣ ਲਈ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕਰ ਰਹੀ ਹੈ |