ਢਾਕਾ : ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਚੇਅਰਮੈਨ ਤਾਰਿਕ ਰਹਿਮਾਨ ਨੇ ਮੰਗਲਵਾਰ ਨੂੰ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ | ਢਾਕਾ ਵਿੱਚ ਸੰਸਦ ਭਵਨ ਦੇ ਸਾਊਥ ਪਲਾਜ਼ਾ ਵਿਚ ਇੱਕ ਸਮਾਗਮ ਵਿੱਚ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ | 60 ਸਾਲਾ ਤਾਰਿਕ ਰਹਿਮਾਨ ਪਿਛਲੇ 36 ਸਾਲਾਂ ਵਿੱਚ ਬੰਗਲਾਦੇਸ਼ ਦੇ ਪਹਿਲੇ ਪੁਰਸ਼ ਪ੍ਰਧਾਨ ਮੰਤਰੀ ਬਣੇ ਹਨ | ਇਹ ਬਦਲਾਅ 12 ਫਰਵਰੀ ਨੂੰ ਹੋਈਆਂ 13ਵੀਆਂ ਸੰਸਦੀ ਚੋਣਾਂ ਵਿੱਚ ਬੀ.ਐੱਨ.ਪੀ. ਦੀ ਜਿੱਤ ਤੋਂ ਬਾਅਦ ਆਇਆ ਹੈ, ਜਿੱਥੇ ਉਨ੍ਹਾਂ ਦੀ ਪਾਰਟੀ ਨੇ 297 ਵਿੱਚੋਂ 209 ਸੀਟਾਂ ‘ਤੇ ਕਬਜ਼ਾ ਕੀਤਾ | ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਵੀ ਸਹੁੰ ਚੁੱਕੀ | ਇਸ ਮੌਕੇ ਭਾਰਤ ਦੀ ਨੁਮਾਇੰਦਗੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੀਤੀ, ਜੋ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਢਾਕਾ ਪਹੁੰਚੇ ਸਨ | ਸਮਾਗਮ ਵਿੱਚ ਭੂਟਾਨ ਦੇ ਪ੍ਰਧਾਨ ਮੰਤਰੀ ਤਸ਼ੇਰਿੰਗ ਤੋਬਗੇ ਸਮੇਤ ਹੋਰ ਕਈ ਦੇਸ਼ਾਂ ਦੇ ਮਹਿਮਾਨ ਵੀ ਸ਼ਾਮਲ ਹੋਏ | ਤਾਰਿਕ ਰਹਿਮਾਨ ਦੀ ਇਹ ਤਾਜਪੋਸ਼ੀ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੇ 18 ਮਹੀਨਿਆਂ ਦੇ ਕਾਰਜਕਾਲ ਦੇ ਖ਼ਤਮ ਹੋਣ ਦਾ ਸੰਕੇਤ ਹੈ, ਜੋ ਸਾਲ 2024 ਵਿੱਚ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਬਣਾਈ ਗਈ ਸੀ | ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਪੁੱਤਰ ਤਾਰਿਕ ਰਹਿਮਾਨ ਲੱਗਭੱਗ 17 ਸਾਲਾਂ ਦੀ ਜਲਾਵਤਨੀ ਕੱਟ ਕੇ ਲੰਡਨ ਤੋਂ ਪਰਤੇ ਹਨ | ਦੱਸ ਦੇਈਏ ਕਿ ਚੋਣਾਂ ਵਿੱਚ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ‘ਤੇ ਪਾਬੰਦੀ ਲਗਾਈ ਗਈ ਸੀ, ਜਿਸ ਕਾਰਨ ਉਹ ਚੋਣ ਮੈਦਾਨ ਤੋਂ ਬਾਹਰ ਰਹੀ |

