ਮੋਹਾਲੀ : ਮੋਹਾਲੀ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਮਿਲੇਨੀਅਮ ਸਕੂਲ ਸਮੇਤ ਕਈ ਵਿਦਿਅਕ ਅਦਾਰਿਆਂ ਅਤੇ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਪ੍ਰਾਪਤ ਹੋਈਆਂ | ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਸ਼ਾਮ ਨੂੰ ਦੁਬਾਰਾ ਸਿਹਤ ਵਿਗੜਨ ਕਾਰਨ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ, ਜਿਸ ਕਾਰਨ ਇਹ ਧਮਕੀ ਵਧੇਰੇ ਸੰਵੇਦਨਸ਼ੀਲ ਸੀ | ਪੁਲਸ ਅਧਿਕਾਰੀਆਂ ਅਨੁਸਾਰ ਈਮੇਲ ਵਿੱਚ ਮੁੱਖ ਮੰਤਰੀ ਦਾ ਵੀ ਜ਼ਿਕਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਚੈਕਿੰਗ ਸ਼ੁਰੂ ਕਰ ਦਿੱਤੀ ਅਤੇ ਹਸਪਤਾਲ ਵਿੱਚ ਗੈਰ-ਜ਼ਰੂਰੀ ਸੇਵਾਵਾਂ ਨੂੰ ਕੁਝ ਸਮੇਂ ਲਈ ਰੋਕ ਕੇ ਸੁਰੱਖਿਆ ਘੇਰਾ ਸਖ਼ਤ ਕਰ ਦਿੱਤਾ | ਮੋਹਾਲੀ ਦੇ ਐਸ.ਪੀ. (ਸਿਟੀ) ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਹੀ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਭੇਜੀ ਗਈ ਈਮੇਲ ਹੈ, ਜਿਨ੍ਹਾਂ ਨੂੰ ਪਿਛਲੇ ਬੁੱਧਵਾਰ ਵੀ ਅਜਿਹੀ ਧਮਕੀ ਮਿਲੀ ਸੀ; ਪਿਛਲੀ ਵਾਰ ਜਾਂਚ ਵਿੱਚ ਆਈ.ਪੀ. ਐਡਰੈੱਸ ਅਮਰੀਕਾ ਦਾ ਅਤੇ ਰਿਕਵਰੀ ਈਮੇਲ ਬੰਗਲਾਦੇਸ਼ ਦੀ ਪਾਈ ਗਈ ਸੀ |




