ਪੰਜਾਬ ਦੇ ਕਮਿਊਨਿਸਟਾਂ ਤੋਂ ਵੱਡੀਆਂ ਆਸਾਂ : ਡੀ ਰਾਜਾ

0
2

ਸੂਬਾ ਕਾਨਫਰੰਸ ਦੀ ਸ਼ਾਨਦਾਰ ਸ਼ੁਰੂਆਤ, ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਭਾਂਜ ਦੇਣ ਲਈ ਜੁਝਾਰੂ ਸੰਘਰਸ਼ ਦੀ ਲੋੜ : ਗਿਰੀਸ਼ ਸ਼ਰਮਾ
ਜਲੰਧਰ, (ਗਿਆਨ ਸੈਦਪੁਰੀ)-‘ਪੰਜਾਬ ਦੀ ਧਰਤੀ ਹਰ ਤਰ੍ਹਾਂ ਦੇ ਸੰਘਰਸ਼, ਦੇਸ਼ ਵਿਰੋਧੀ ਤਾਕਤਾਂ ਦਾ ਮੂੰਹ ਮੋੜਨ ਅਤੇ ਲੋਕ ਪੱਖੀ ਸੋਚ ਬਣਾਉਣ ਲਈ ਦੇਸ਼ ਦੇ ਸਭ ਲੋਕਾਂ ਲਈ ਉਤਸ਼ਾਹ ਦਾ ਸਰੋਤ ਹੈ | ਇੱਥੇ ਕਮਿਊਨਿਸਟ ਪਾਰਟੀ ਵੀ ਤਾਕਤਵਰ ਰਹੀ ਹੈ | ਪੰਜਾਬ ਕਾਮਰੇਡ ਸੱਤਪਾਲ ਡਾਂਗ ਵਰਗਿਆਂ ਦੀ ਕਰਮ ਭੂਮੀ ਰਹੀ ਹੈ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਨੇ ਕੀਤਾ | ਉਹ ਇੱਥੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੰੂ ਗਣੇਸ਼ ਪਿੰਗਲੇ ਹਾਲ ਵਿੱਚ ਸੀ ਪੀ ਆਈ ਦੀ ਪੰਜਾਬ ਸੂਬਾ ਕਾਨਫ਼ਰੰਸ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾ ਨੇ ਦੇਸ਼ ਭਗਤ ਯਾਦਗਾਰ ਵਿੱਚ ਕੁਰਬਾਨੀਆਂ ਨੂੰ ਦਰਸਾਉਂਦੇ ਅਜਾਇਬ ਘਰ ਦੇ ਹਵਾਲੇ ਨਾਲ ਕਿਹਾ ਕਿ ਕਮਿਊਨਿਸਟਾਂ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ | ਇੱਥੇ ਫਾਂਸੀਆਂ ਦਾ ਰੱਸਾ ਚੁੰਮ ਗਏ, ਕਾਲੇ ਪਾਣੀਆਂ ਦੀ ਨਰਕ ਕੁੰਭੀ ਸਜ਼ਾ ਭੁਗਤਣ ਵਾਲੇ ਤੇ ਅਣਮਨੁੱਖੀ ਤਸ਼ੱਦਦ ਸਹਿਣ ਕਰ ਗਏ ਯੋਧਿਆਂ ਦਾ ਇਤਿਹਾਸ ਲੋਕਾਂ ਅੰਦਰ ਸੰਘਰਸ਼ ਦੀ ਚਿਣਗ ਪੈਦਾ ਕਰ ਰਿਹਾ ਹੈ | ਮੌਜੂਦਾ ਹਾਲਾਤ ਵਿੱਚ ਵੀ ਪੰਜਾਬ ਵਿੱਚ ਕਮਿਊਨਿਸਟ ਪਾਰਟੀ ਨੂੰ ਤਾਕਤਵਰ ਬਣਾ ਕੇ ਪੰਜਾਬ ਨੂੰ ਮੁਲਕ ਭਰ ਦੇ ਸੰਘਰਸ਼ਾਂ ਦਾ ਮੋਹਰੀ ਬਣਨ ਦੀ ਲੋੜ ਹੈ | ਦਿੱਲੀ ਦੀਆਂ ਬਰੂਹਾਂ ‘ਤੇ ਲੜੇ ਤੇ ਜਿੱਤੇ ਅੰਦੋਲਨ ਦੀ ਪੰਜਾਬ ਪਹਿਲਾਂ ਹੀ ਮਿਸਾਲ ਹੈ | ਇਸ ਸੂਬਾ ਕਾਨਫਰੰਸ ਦਾ ਮੁੱਖ ਮੁੱਦਾ ਵੀ ਇਹੀ ਹੈ ਕਿ ਪੰਜਾਬ ਦੇ ਸਮੁੱਚੇ ਹਾਲਾਤ ਦਾ ਬਰੀਕੀ ਨਾਲ ਜਾਇਜ਼ਾ ਲੈ ਕੇ ਸੀ ਪੀ ਆਈ ਅਤੇ ਇਸ ਦੀਆਂ ਆਵਾਮੀ ਜਥੇਬੰਦੀਆਂ ਨੂੰ ਤਾਕਤਵਰ ਬਣਾ ਕੇ ਅੱਗੇ ਤੁਰਨਾ ਹੈ | ਉਨ੍ਹਾਂ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰਦਿਆਂ ਕਿਹਾ ਕਿ ਇੱਥੇ ਖੱਬੀ ਧਿਰ ਚੰਗੀ ਪੁਜ਼ੀਸ਼ਨ ਵਿੱਚ ਸੀ, ਪਰ ਜਿੱਤ ਗਈ ਆਮ ਆਦਮੀ ਪਾਰਟੀ | ਇਹ ਕਾਨਫਰੰਸ ਇਸ ਬਾਰੇ ਵੀ ਗੰਭੀਰਤਾ ਨਾਲ ਸੋਚੇਗੀ | ਕਾਮਰੇਡ ਡੀ. ਰਾਜਾ ਨੇ ਅਗਲੇ ਸਾਲ ਕਈ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾਈ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਰਲਾ ਵਿੱਚ ਐੱਲ ਡੀ ਐੱਫ ਦੀ ਸਰਕਾਰ ਹੈ | ਸੀ ਪੀ ਆਈ ਇਸ ਦਾ ਹਿੱਸਾ ਹੈ | ਸਾਨੂੰ ਕੋਸ਼ਿਸ਼ ਕਰਨੀ ਹੋਵੇਗੀ ਕਿ ਖੱਬੀ ਧਿਰ ਮੁੜ ਸੱਤਾ ਸੰਭਾਲੇ | ਪੱਛਮੀ ਬੰਗਾਲ ਵਿੱਚ ਇੱਕ ਪਾਸੇ ਭਾਜਪਾ ਹੈ ਤੇ ਦੂਸਰੇ ਪਾਸੇ ਟੀ ਐੱਮ ਸੀ ਹੈ, ਅਜਿਹੀ ਸਥਿਤੀ ਵਿੱਚ ਕਮਿਊਨਿਸਟ ਪਾਰਟੀ ਨੂੰ ਗੰਭੀਰਤਾ ਨਾਲ ਸੋਚਣਾ ਹੋਵੇਗਾ ਕਿ ਪੱਛਮੀ ਬੰਗਾਲ ਵਿੱਚ ਚੋਣਾਂ ਦੇ ਸੰਬੰਧ ਵਿੱਚ ਕੀ ਰਣਨੀਤੀ ਅਪਣਾਈ ਜਾਵੇ | ਪੰਜਾਬ ਦੇ ਸੰਦਰਭ ਵਿੱਚ ਡੀ. ਰਾਜਾ ਨੇ ਕਿਹਾ ਕਿ ਪੰਜਾਬ ਅੰਦੋਲਨਾਂ ਦਾ ਮੋਹਰੀ ਰਿਹਾ ਹੈ, ਪਰ ਵਿਧਾਨ ਸਭਾ ਵਿੱਚ ਜੋ ਸਥਿਤੀ ਹੈ, ਉਹ ਸੋਚਣ ਲਈ ਮਜਬੂਰ ਕਰਦੀ ਹੈ | 2027 ਦੀ ਚੋਣ ਅਸੀਂ ਤਕੜੇ ਹੋ ਕੇ ਲੜਨੀ ਹੈ ਤੇ ਜਿੱਤ ਵੱਲ ਵਧਣਾ ਹੈ | ਪਾਰਲੀਮੈਂਟਰੀ ਜਮਹੂਰੀਅਤ ਦੀ ਗੱਲ ਕਰਦਿਆਂ ਕਾਮਰੇਡ ਡੀ. ਰਾਜਾ ਨੇ ਕਿਹਾ ਕਿ ਇਹ ਸਿਰਫ਼ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ਤੱਕ ਹੀ ਸੀਮਤ ਨਹੀਂ ਸਮਝਣੀ ਚਾਹੀਦੀ, ਸਗੋਂ ਇਹ ਪੰਚਾਇਤ ਤੋਂ ਪਾਰਲੀਮੈਂਟ ਤੱਕ ਦਾ ਸਫ਼ਰ ਹੈ | ਇੱਥੇ ਕਮਿਊਨਿਸਟ ਆਗੂ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਤੇਲੰਗਾਨਾ ਦੀਆਂ ਮਿਊਾਸਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ ਵਿੱਚ ਉਥੋਂ ਦੇ ਸ਼ਹਿਰ ਕੋਥਾ ਕੋਡਮ ਵਿੱਚ ਕਮਿਊਨਿਸਟ ਪਾਰਟੀ ਦੇ ਕਾਮਰੇਡ ਗਣੇਸ਼ ਮੇਅਰ ਚੁਣੇ ਗਏ ਹਨ |
ਆਪਣੀ ਗੱਲ ਜਾਰੀ ਰੱਖਦਿਆਂ ਕਾਮਰੇਡ ਡੀ. ਰਾਜਾ ਨੇ ਸਤੰਬਰ 2025 ਵਿੱਚ ਸੀ ਪੀ ਆਈ ਦੀ ਪਾਰਟੀ ਕਾਂਗਰਸ ਵਿੱਚ ਲਏ ਮਹੱਤਵਪੂਰਨ ਫੈਸਲਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ | ਪਿਛਲੇ ਦਿਨੀਂ ਤੇਲੰਗਾਨਾ ਦੇ ਸ਼ਹਿਰ ਹੱਮਮ ਵਿੱਚ ਪਾਰਟੀ ਦੀ 100ਵੀਂ ਵਰ੍ਹੇਗੰਢ ਸ਼ਾਨਦਾਰ ਢੰਗ ਨਾਲ ਮਨਾਈ ਗਈ ਹੈ | ਉਨ੍ਹਾ ਕਿਹਾ ਕਿ ਪਾਰਟੀ ਦੇ 100 ਵਰ੍ਹੇ ਇਨਕਲਾਬੀ ਯਾਤਰਾ ਦੇ ਰਹੇ | ਪਾਰਟੀ ਨੇ ਬਸਤੀਵਾਦੀ ਵਿਰੁੱਧ ਨਿਰਣਾਇਕ ਯੁੱਧ ਲੜਿਆ | ਪਾਰਟੀ ਹੁਣ ਦੂਸਰੀ ਸਦੀ ਵਿੱਚ ਦਾਖਲ ਹੋ ਗਈ ਹੈ | ਅਜੋਕੇ ਦੌਰ ਵਿੱਚ ਬੜੀਆਂ ਗੰਭੀਰ ਹਾਲਤਾਂ ਹਨ | ਹੁਣ ਸੀ ਪੀ ਆਈ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ |
ਕਾਨਫਰੰਸ ਦੇ ਖੁੱਲ੍ਹੇ ਸੈਸ਼ਨ ਦੀ ਪ੍ਰਧਾਨਗੀ ਸੀ ਪੀ ਆਈ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕੀਤੀ | ਇਸ ਸੈਸ਼ਨ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ | ਕਾਮਰੇਡ ਡੀ. ਰਾਜਾ ਦੀ ਤਕਰੀਰ ਦਾ ਨਾਲੋ-ਨਾਲ ਪੰਜਾਬੀ ਵਿੱਚ ਉਲੱਥਾ ਐਡਵੋਕੇਟ ਹਰਚੰਦ ਬਾਠ ਨੇ ਕੀਤਾ |
ਇਸ ਤੋਂ ਪਹਿਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਅੰਦਰ ਸੀਨੀਅਰ ਆਗੂ ਕਾਮਰੇਡ ਹਰਭਜਨ ਸਿੰਘ ਨੇ ਨਾਅਰਿਆਂ ਦੀ ਗੂੰਜ ਵਿੱਚ ਪਾਰਟੀ ਦਾ ਝੰਡਾ ਲਹਿਰਾਇਆ | ਇਸ ਮੌਕੇ ਉਨ੍ਹਾਂ ਦੀ ਪਤਨੀ ਨਰਿੰਦਰ ਪਾਲ ਕੌਰ ਪਾਲੀ ਵੀ ਮੌਜੂਦ ਸਨ | ਝੰਡੇ ਦੀ ਰਸਮ ਵੇਲੇ ਜਨਰਲ ਸਕੱਤਰ ਡੀ. ਰਾਜਾ ਤੇ ਡਾ. ਗਰੀਸ਼ ਸ਼ਰਮਾ ਅਤੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਵੀ ਹਾਜ਼ਰ ਸੀ | ਕਾਨਫਰੰਸ ਦੇ ਅਗਲੇ ਸੈਸ਼ਨ ਦੀ ਪ੍ਰਧਾਨਗੀ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਸੁਖਦੇਵ ਸ਼ਰਮਾ, ਬਲਦੇਵ ਸਿੰਘ ਨਿਹਾਲਗੜ੍ਹ,… ਦੇਵੀ ਕੁਮਾਰੀ ਸਰਹਾਲੀ ਕਲਾਂ, ਰਾਜਿੰਦਰ ਪਾਲ ਕੌਰ, ਚਰਨਜੀਤ ਛਾਂਗਾਰਾਏ ਨੇ ਕੀਤੀ | ਇਸ ਸੈਸ਼ਨ ਨੂੰ ਸੀ ਪੀ ਆਈ ਦੇ ਸਕੱਤਰੇਤ ਮੈਂਬਰ ਡਾਕਟਰ ਗਰੀਸ਼ ਸ਼ਰਮਾ ਨੇ ਸੰਬੋਧਨ ਕੀਤਾ | ਉਨ੍ਹਾ ਕਿਹਾ ਕਿ ਮੋਦੀ ਸਰਕਾਰ ਵੱਲੋਂ ਮੁਕਤ ਵਪਾਰ ਅਤੇ ਹੋਰ ਸਮਝੌਤੇ ਭਾਰਤ ਵਾਸਤੇ ਪੂਰੀ ਤਰ੍ਹਾਂ ਘਾਟੇ ਵਾਲੇ ਸੌਦੇ ਸਾਬਤ ਹੋਣਗੇ | ਮੋਦੀ ਦੀਆਂ ਨੀਤੀਆਂ ਨੇ ਦੇਸ਼ ਦੀ ਆਰਥਿਕਤਾ ਮਧੋਲ ਕੇ ਅੰਬਾਨੀਆਂ, ਅਡਾਨੀਆਂ ਦੀਆਂ ਤਿਜੌਰੀਆਂ ਨੱਕੋ-ਨੱਕ ਭਰ ਦਿੱਤੀਆਂ ਹਨ | ਮੋਦੀ ਵੱਲੋਂ ਏ ਆਈ ਦਾ ਚੈਂਪੀਅਨ ਹੋਣ ਦੀਆਂ ਟਾਹਰਾਂ ਮਾਰੀਆਂ ਜਾ ਰਹੀਆਂ ਹਨ | ਉਨ੍ਹਾ ਕਿਹਾ ਕਿ ਜਦੋਂ ਹਿੰਦੂਤਵ ਦੀ ਅਸਲੀਅਤ ਸਾਹਮਣੇ ਆ ਚੁੱਕੀ ਹੈ ਤਾਂ ਲੋਕਾਂ ਨੂੰ ਸਨਾਤਨ ਵਰਗੇ ਸ਼ਬਦ ਨਾਲ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਹੈ | ਮੋਦੀ ਸਰਕਾਰ ਵੱਲੋਂ ਬੁਲਡੋਜ਼ਰ ਵਰਤਾਰਾ ਯੂ ਪੀ ਵਿੱਚ ਸ਼ੁਰੂ ਕੀਤਾ ਗਿਆ ਸੀ, ਜੋ ਹੁਣ ਹਰ ਉਸ ਪ੍ਰਾਂਤ ‘ਚ ਬੁਲਡੋਜ਼ਰ ਚਲਾਇਆ ਜਾ ਰਿਹਾ, ਜਿੱਥੇ ਭਾਜਪਾ ਦਾ ਰਾਜ ਹੈ | ਜਦੋਂ ਹਰ ਪੱਖ ਤੋਂ ਦੇਸ਼ ਨਿਘਾਰ ਵੱਲ ਚਲੇ ਗਿਆ ਹੈ ਤਾਂ ਕਮਿਊਨਿਸਟਾਂ ਨੂੰ ਇੱਕ ਹੋਰ ਜੁਝਾਰੂ ਸੰਘਰਸ਼ ਦੀ ਲੋੜ ਹੈ | ਡਾ. ਗਰੀਸ਼ ਨੇ ਆਸ ਪ੍ਰਗਟ ਕੀਤੀ ਕਿ ਸੂਬਾ ਕਾਨਫਰੰਸ ਪੰਜਾਬ ਦੀ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗੀ | ਏਟਕ ਦੇ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਡਾ. ਗਰੀਸ਼ ਸ਼ਰਮਾ ਦਾ ਧੰਨਵਾਦ ਕੀਤਾ |